ਰੋਗਾਣੂਨਾਸ਼ਕ (ਐਂਟੀਬਾਇਔਟਿਕ) ਨਾਲ ਲੱਗਣ ਵਾਲੇ ਦਸਤ

Antibiotic-Associated Diarrhea (Punjabi)

ਰੋਗਾਣੂਨਾਸ਼ਕ ਨਾਲ ਲੱਗਣ ਵਾਲੇ ਦਸਤ ਕੀ ਹੁੰਦੇ ਹਨ?

ਰੋਗਾਣੂਨਾਸ਼ਕ ਲੈਣ ਵਾਲੇ ਪੰਜ ਬੱਚਿਆਂ ਵਿੱਚੋਂ ਲਗਭਗ ਇੱਕ ਬੱਚੇ ਨੂੰ ਦਸਤ ਲੱਗ ਜਾਂਦੇ ਹਨ। ਇਹ ਕਿਸੇ ਵੀ ਕਿਸਮ ਦੇ ਰੋਗਾਣੂਨਾਸ਼ਕ ਨਾਲ ਲੱਗ ਸਕਦੇ ਹਨ। 2 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਬੱਚਿਆਂ ਵਿੱਚ ਰੋਗਾਣੂਨਾਸ਼ਕ-ਸੰਬੰਧਤ ਦਸਤ ਘੱਟ ਲੱਗਦੇ ਹਨ।

ਬਹੁਤੇ ਬੱਚਿਆਂ ਦੇ ਇਹ ਦਸਤ ਹਲਕੇ ਹੁੰਦੇ ਹਨ। ਆਮ ਤੌਰ ‘ਤੇ ਇਹ ਉਦੋਂ ਤੱਕ ਨੁਕਸਾਨਦਾਇਕ ਨਹੀਂ ਹੁੰਦੇ ਜਦੋਂ ਤੱਕ ਬੱਚੇ ਦੇ ਸਰੀਰ ਵਿੱਚ ਤਰਲ ਪਦਾਰਥਾਂ ਦੀ ਘਾਟ ਪੈਦਾ ਨਹੀਂ ਹੋ ਜਾਂਦੀ। ਸਰੀਰ ਵਿੱਚ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਨਾ ਹੋਣੇ ਡੀਹਾਈਡਰੇਸ਼ਨ ਹੁੰਦੀ ਹੈ। ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਪੀਵੇ। ਸਰੀਰ ਵਿੱਚ ਤਰਲਾਂ ਦੀ ਘਾਟ (ਡੀਹਾਈਡਰੇਸ਼ਨ) ਦੀਆਂ ਨਿਸ਼ਾਨੀਆਂ ਵਿੱਚ ਪਿਸ਼ਾਬ ਘੱਟ ਆਉਣਾ, ਚਿੜਚਿੜਾਪਣ, ਥਕਾਵਟ ਅਤੇ ਮੂੰਹ ਖ਼ੁਸ਼ਕ ਹੋਣਾ ਸ਼ਾਮਲ ਹਨ। ਖ਼ੁਸ਼ ਅਤੇ ਹੱਸਦਾ-ਖੇਡਦਾ ਬੱਚਾ ਸਰੀਰ ਵਿੱਚ ਲੋੜੀਂਦੇ ਤਰਲਾਂ ਦੀ ਮੌਜੂਦਗੀ (ਹਾਈਡਰੇਸ਼ਨ) ਦੀ ਨਿਸ਼ਾਨੀ ਹੈ।

ਜੇ ਤੁਹਾਡੇ ਬੱਚੇ ਦੇ ਪਖਾਨੇ ਰਾਹੀਂ ਬਹੁਤ ਮਾਤਰਾ ਵਿੱਚ ਤਰਲ ਖਾਰਜ ਹੋ ਰਹੇ ਹਨ ਜਾਂ ਸਰੀਰ ਵਿੱਚ ਤਰਲਾਂ ਦੀ ਘਾਟ ਵਿਖਾਈ ਦਿੰਦੀ ਹੈ ਤਾਂ ਡਾਕਟਰੀ ਮਦਦ ਲਉ।

ਵਧੇਰੇ ਜਾਣਕਾਰੀ ਲਈ, ਕ੍ਰਿਪਾ ਕਰਕੇ "ਡੀਹਾਈਡਰੇਸ਼ਨ" ਪੜ੍ਹੋ।

ਰੋਗਾਣੂਨਾਸ਼ਕ ਨਾਲ ਲੱਗਣ ਵਾਲੇ ਦਸਤਾਂ ਦੀਆਂ ਨਿਸਾਨੀਆਂ ਅਤੇ ਲੱਛਣ

ਜਿਸ ਬੱਚੇ ਨੂੰ ਰੋਗਾਣੂਨਾਸ਼ਕ ਨਾਲ ਦਸਤ ਲੱਗੇ ਹੋਣ, ਉਹ ਬੱਚਾ ਜਦੋਂ ਰੋਗਾਣੂਨਾਸ਼ਕ ਲੈ ਰਿਹਾ ਹੁੰਦਾ ਹੈ ਤਾਂ ਉਸਨੂੰ ਢਿੱਲੀ ਜਾਂ ਪਾਣੀ ਵਾਂਗ ਪਤਲੀ ਟੱਟੀ ਆਵੇਗੀ। ਬਹੁਤੀ ਵਾਰੀ, ਦਸਤ ਆਮ ਤੌਰ ‘ਤੇ 1 ਤੋਂ 7 ਦਿਨਾਂ ਤੱਕ ਰਹਿੰਦੇ ਹਨ।

ਦਸਤ ਆਮ ਤੌਰ ‘ਤੇ ਰੋਗਾਣੂਨਾਸ਼ਕ ਲੈਣ ਦੇ ਦੂਜੇ ਅਤੇ ਅੱਠਵੇਂ ਦਿਨ ਦੇ ਵਿਚਕਾਰ ਲੱਗਦੇ ਹਨ। ਐਪਰ, ਇਹ ਰੋਗਾਣੂਨਾਸ਼ਕ ਲੈਣ ਦੇ ਪਹਿਲੇ ਦਿਨ ਤੋਂ ਲੈ ਕੇ ਖ਼ਤਮ ਕਰਨ ਦੇ ਕਈ ਹਫ਼ਤੇ ਪਿੱਛੋਂ ਤੀਕ ਕਦੇ ਵੀ ਸੁਰੂ ਹੋ ਸਕਦੇ ਹਨ।

ਰੋਗਾਣੂਨਾਸ਼ਕ ਨਾਲ ਲੱਗਣ ਵਾਲੇ ਦਸਤਾਂ ਦੇ ਕਾਰਨ

ਸਾਡੀਆਂ ਅੰਤੜੀਆਂ ਦੇ ਅੰਦਰ ਲੱਖਾਂ ਦੀ ਗਿਣਤੀ ਵਿੱਚ ਛੋਟੇ ਛੋਟੇ ਬੈਕਟੀਰੀਆ ਹੁੰਦੇ ਹਨ ਜੋ ਭੋਜਨ ਹਜ਼ਮ ਕਰਨ ਵਿੱਚ ਮਦਦ ਕਰਦੇ ਹਨ। ਜਦੋਂ ਰੋਗਾਣੂਨਾਸ਼ਕ ਨੁਕਸਾਨਦਾਇਕ ਬੈਕਟੀਰੀਆ ਨੂੰ ਮਾਰਦੇ ਹਨ, ਉਹ “ਚੰਗੇ” ਬੈਕਟੀਰੀਆ ਨੂੰ ਵੀ ਮਾਰ ਦਿੰਦੇ ਹਨ। ਅੰਤੜੀਆਂ ਵਿੱਚ ਇਨ੍ਹਾਂ ਬੈਕਟੀਰੀਆ ਦੇ ਮਰਨ ਅਤੇ ਮੁੜ-ਪੈਦਾ ਹੋਣ ਦੀ ਪਰਕਿਰਿਆ ਦੇ ਕਾਰਨ ਦਸਤ ਲੱਗਦੇ ਹਨ।

ਪੇਚੀਦਗੀਆਂ: ਡੀਹਾਈਡਰੇਸ਼ਨ (ਸਰੀਰ ਵਿੱਚ ਤਰਲਾਂ ਦੀ ਘਾਟ) ਅਤੇ ਸੋਜਸ਼

ਡੀਹਾਈਡਰੇਸ਼ਨ, ਜਿਵੇਂ ਉੱਪਰ ਵਰਣਨ ਕੀਤੀ ਗਈ ਹੈ, ਖ਼ਤਰਨਾਕ ਹੋ ਸਕਦੀ ਹੈ। ਇੱਕ ਸਾਲ ਤੋਂ ਛੋਟੀ ਉਮਰ ਦੇ ਬੱਚੇ, ਜਿਨ੍ਹਾਂ ਨੂੰ ਦਸਤ ਲੱਗੇ ਹੋਣ ਉਨ੍ਹਾਂ ਨੂੰ ਡੀਹਾਈਡਰੇਸ਼ਨ ਦਾ ਬਹੁਤ ਜਿਆਦਾ ਖ਼ਤਰਾ ਹੁੰਦਾ ਹੈ। ਯਕੀਨੀ ਬਣਾਉ ਕਿ ਤੁਹਾਡਾ ਬੱਚਾ ਖਾਰਜ ਹੋਏ ਤਰਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਪੀਵੇ। ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ‘ਤੇ ਨਜ਼ਰ ਰੱਖੋ। ਇਨ੍ਹਾਂ ਵਿੱਚ ਪਿਸ਼ਾਬ ਘੱਟ ਆਉਣਾ, ਚਿੜਚਿੜਾਪਣ, ਥਕਾਵਟ ਅਤੇ ਮੂੰਹ ਖ਼ੁਸ਼ਕ ਹੋਣਾ ਸ਼ਾਮਲ ਹਨ।

ਜਿਨ੍ਹਾਂ ਬੱਚਿਆਂ ਦਾ ਇਲਾਜ ਰੋਗਾਣੂਨਾਸ਼ਕਾਂ ਨਾਲ ਕੀਤਾ ਜਾਂਦਾ ਹੈ ਉਨ੍ਹਾਂ ਵਿੱਚੋਂ ਟਾਵੇਂ-ਟਾਵੇਂ ਨੂੰ ਵੱਡੀ ਅੰਤੜੀ ਦੀ ਸੋਜਸ਼ ਹੋ ਸਕਦੀ ਹੈ। ਇਸ ਨਾਲ ਹੇਠ ਦਰਜ ਤਕਲੀਫ਼ਾਂ ਹੁੰਦੀਆਂ ਹਨ:

 • ਬਹੁਤ ਗੰਭੀਰ ਦਸਤ ਜਿਸ ਵਿੱਚ ਖ਼ੂਨ ਜਾਂ ਲੇਸਦਾਰ ਮਾਦਾ ਹੋ ਸਕਦਾ ਹੈ
 • ਬੁਖ਼ਾਰ
 • ਪੇਟ ਦਰਦ
 • ਬਹੁਤ ਜ਼ਿਆਦਾ ਕਮਜ਼ੋਰੀ

ਘਰ ਅੰਦਰ ਆਪਣੇ ਬੱਚੇ ਦਾ ਧਿਆਨ ਰੱਖਣਾ

ਰੋਗਾਣੂਨਾਸ਼ਕ ਜਾਰੀ ਰੱਖੋ

ਜੇਕਰ ਦਸਤ ਹਲਕੇ ਹਨ ਅਤੇ ਉਂਝ ਤੁਹਾਡਾ ਬੱਚਾ ਠੀਕ ਹੈ, ਰੋਗਾਣੂਨਾਸ਼ਕ ਜਾਰੀ ਰੱਖੋ ਅਤੇ ਘਰ ਵਿੱਚ ਹੀ ਆਪਣੇ ਬੱਚੇ ਦੀ ਸੰਭਾਲ ਕਰੋ।

ਆਪਣੇ ਬੱਚੇ ਨੂੰ ਤਰਲ ਪਦਾਰਥ ਦਿੰਦੇ ਰਹੋ

ਪਾਣੀ ਅਕਸਰ ਪਿਆਉ। ਫਲ਼ਾਂ ਦਾ ਜੂਸ ਜਾਂ ਸਾਫ਼ਟ ਡਰਿੰਕਸ ਨਾ ਦਿਉ ਕਿਉਂਕਿ ਉਨ੍ਹਾਂ ਨਾਲ ਦਸਤ ਵਿਗੜ ਸਕਦੇ ਹਨ।

ਕੁੱਝ ਭੋਜਨਾਂ ਤੋਂ ਦੂਰ ਰਹੋ

ਤੁਹਾਡਾ ਬੱਚਾ ਜੋ ਕੁੱਝ ਆਮ ਤੌਰ ‘ਤੇ ਖਾਂਦਾ ਹੈ ਉਹ ਦਿੰਦੇ ਰਹੋ, ਪਰ ਉਸਨੂੰ ਫਲ਼ੀਆਂ (ਬੀਨਜ਼) ਜਾਂ ਮਸਾਲੇਦਾਰ ਭੋਜਨ ਨਾ ਖਵਾਉ।

ਡਾਇਪਰ ਨਾਲ ਹੋਣ ਵਾਲੇ ਧੱਫੜਾਂ ਦਾ ਇਲਾਜ ਕਰਨਾ

ਜੇਕਰ ਦਸਤਾਂ ਕਾਰਨ ਤੁਹਾਡੇ ਬੱਚੇ ਦੇ ਮਲ ਦੁਆਰ ਦੇ ਦੁਆਲੇ ਜਾਂ ਡਾਇਪਰ ਵਾਲੇ ਹਿੱਸੇ `ਤੇ ਧੱਫੜ ਪੈ ਗਏ ਹੋਣ:

ਉਸ ਹਿੱਸੇ ਨੂੰ ਪਾਣੀ ਨਾਲ ਪੋਲੇ-ਪੋਲੇ ਧੋਵੋ।

ਪੋਲੇ ਪੋਲੇ ਥਾਪੜ ਕੇ ਇਸ ਨੂੰ ਸੁਕਾਉ।

ਉਸ ਜਗ੍ਹਾ ਨੂੰ ਪੈਟਰੋਲੀਅਮ ਜੈਲੀ (ਜਿਵੇਂ ਕਿ ਵੈਸਲੀਨ), ਜ਼ਿੰਕ-ਆਧਾਰਤ ਕਰੀਮ (ਜ਼ਿੰਕੋਫ਼ੈਕਸ ਜਾਂ ਪੈਨਾਟੈੱਨ), ਜਾਂ ਡਾਇਪਰ ਕਾਰਨ ਪੈਣ ਵਾਲੇ ਧੱਫੜਾਂ ਲਈ ਹੋਰ ਕਿਸੇ ਕਰੀਮ ਦੀ ਪਰਤ ਨਾਲ ਢਕ ਦਿਉ।

ਡਾਕਟਰ ਦੀ ਨਿਗਰਾਨੀ ਹੇਠ ਪ੍ਰੋਬਾਇਔਟਿਕਸ

ਪ੍ਰੋਬਾਇਔਟਿਕਸ (probiotics) “ਤੰਦਰੁਸਤ” ਬੈਕਟੀਰੀਆ ਵਾਲੇ ਪੂਰਕ ਹੁੰਦੇ ਹਨ। ਇਹ ਅਧਿਐਨ ਹੋ ਰਹੇ ਹਨ ਕਿ ਕੀ ਪ੍ਰੋਬਾਇਔਟਿਕਸ ਰੋਗਾਣੂਨਾਸ਼ਕਾਂ ਦੀ ਵਰਤੋਂ ਨਾਲ ਲੱਗਣ ਵਾਲੇ ਦਸਤਾਂ ਨੂੰ ਰੋਕ ਜਾਂ ਉਨ੍ਹਾਂ ਦਾ ਇਲਾਜ ਕਰ ਸਕਦੇ ਹਨ। ਆਪਣੇ ਬੱਚੇ ਨੂੰ ਪ੍ਰੋਬਾਇਔਟਿਕਸ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਪੁੱਛੋ। ਇਸ ਦੀ ਬਜਾਏ ਤੁਸੀਂ ਆਪਣੇ ਬੱਚੇ ਨੂੰ ਅਜਿਹੇ ਭੋਜਨ ਦੇ ਸਕਦੇ ਹੋ ਜਿਨ੍ਹਾਂ ਵਿੱਚ ਪ੍ਰੋਬਾਇਔਟਿਕਸ ਹੁੰਦੇ ਹਨ ਜਿਵੇਂ ਕਿ ਦਹੀਂ।

ਡਾਕਟਰ ਦੇ ਦੱਸੇ ਬਗੈਰ ਦਵਾਈ ਨਾ ਵਰਤੋ।

ਜਦੋਂ ਤੱਕ ਤੁਹਾਡਾ ਡਾਕਟਰ ਨਹੀਂ ਕਹਿੰਦਾ ਉਦੋਂ ਤੱਕ ਆਪਣੇ ਬੱਚੇ ਨੂੰ ਦਸਤ ਰੋਕਣ ਵਾਲੀਆਂ ਦਵਾਈਆਂ ਜਿਵੇਂ ਕਿ ਲੌਪਰਾਮਾਈਡ (ਆਇਮੋਡੀਅਮ) ਨਾ ਦਿਉ। ਇਹ ਦਵਾਈਆਂ ਅੰਤੜੀਆਂ ਦੀ ਸੋਜਸ਼ ਨੂੰ ਵਿਗਾੜ ਸਕਦੀਆਂ ਹਨ।

ਡਾਕਟਰੀ ਮਦਦ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬਾਕਾਇਦਾ ਡਾਕਟਰ ਨਾਲ ਉਸੇ ਵੇਲੇ ਸੰਪਰਕ ਕਰੋ ਜਦੋਂ ਤੁਹਾਡੇ ਬੱਚੇ:

 • ਨੂੰ ਬਹੁਤ ਜ਼ਿਆਦਾ ਦਸਤ ਲੱਗ ਜਾਣ।
 • ਨੂੰ ਮੁੜ ਬੁਖ਼ਾਰ ਚੜ੍ਹ ਜਾਵੇ।
 • ਨੂੰ ਟੱਟੀ ਵਿੱਚ ਖ਼ੂਨ ਆਵੇ।
 • ਨੂੰ ਬਹੁਤ ਥਕਾਵਟ ਹੋ ਗਈ ਹੋਵੇ ਅਤੇ ਕੁੱਝ ਪੀ ਨਾ ਰਿਹਾ ਹੋਵੇ।
 • ਵਿੱਚ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦੇਣ, ਜਿਵੇਂ ਕਿ ਪਿਸ਼ਾਬ ਘੱਟ ਆਉਣਾ, ਚਿੜਚਿੜਾਪਣ, ਥਕਾਵਟ ਅਤੇ ਮੂੰਹ ਖੁਸ਼ਕ ਹੋਣਾ।

ਜੇਕਰ ਦਸਤ ਬਹੁਤ ਜ਼ਿਆਦਾ ਲੱਗ ਜਾਣ, ਰੋਗਾਣੂਨਾਸ਼ਕ ਦੇ ਨੁਸਖ਼ੇ ਵਿੱਚ ਤਬਦੀਲੀ ਦੀ ਲੋੜ ਪੈ ਸਕਦੀ ਹੈ।

ਆਪਣੇ ਬੱਚੇ ਨੂੰ ਨੇੜੇ ਦੇ ਐਮਰਜੈਂਸੀ ਵਿਭਾਗ ਲੈ ਕੇ ਜਾਉ, ਜਾਂ 911 ‘ਤੇ ਫ਼ੋਨ ਕਰੋ, ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਤਕਲੀਫਾਂ ਹੋਣ:

 • ਬਹੁਤ ਜ਼ਿਆਦਾ ਦਰਦ ਹੋਵੇ।
 • ਟੱਟੀ ਵਿੱਚ ਬਹੁਤ ਜ਼ਿਆਦਾ ਖ਼ੂਨ ਆਵੇ।
 • ਹਾਲਤ ਸੁਧਰਨ ਦੀ ਬਜਾਏ ਵਿਗੜ ਰਹੀ ਹੋਵੇ।

ਮੁੱਖ ਨੁਕਤੇ

 • ਰੋਗਾਣੂਨਾਸ਼ਕ ਲੈਣ ਵਾਲੇ ਬੱਚਿਆਂ ਨੂੰ ਦਸਤ ਲੱਗਣੇ ਆਮ ਗੱਲ ਹੈ। ਬਹੁਤੀਆਂ ਹਾਲਤਾਂ ਵਿੱਚ ਇਹ ਹਲਕੇ ਹੁੰਦੇ ਹਨ।
 • ਜਿਨ੍ਹਾਂ ਬੱਚਿਆਂ ਨੂੰ ਹਲਕੇ ਦਸਤ ਲੱਗਦੇ ਹਨ ਉਨ੍ਹਾਂ ਨੂੰ ਤਜਵੀਜ਼ ਕਿਤੇ ਆਪਣੇ ਰੋਗਾਣੂਨਾਸ਼ਕ ਖ਼ਤਮ ਕਰਨੇ ਚਾਹੀਦੇ ਹਨ।
 • ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਸਰੀਰ ਵਿੱਚ ਤਰਲਾਂ ਦੀ ਮਾਤਰਾ ਬਣਾਈ ਰੱਖਣ (ਹਾਈਡਰੇਟਡ ਰਹਿਣ) ਲਈ ਕਾਫੀ ਤਰਲ ਪਦਾਰਥ ਪੀਵੇ।

Mark Oliver Tessaro, MD

10/16/2009


Notes: