ਹਰਪੈਨਜਿਨਾ (ਮੂੰਹ ਵਿੱਚ ਛਾਲੇ) ਅਤੇ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ

Herpangina and hand, foot and mouth disease [ Punjabi ]

PDF download is not available for Arabic and Urdu languages at this time. Please use the browser print function instead

ਹਰਪੈਨਜਿਨਾ ਗਲ਼ੇ ਦੇ ਪਿੱਛਲੇ ਹਿੱਸੇ ਵਿੱਚ ਵਾਇਰਸ ਨਾਲ ਹੋਣ ਵਾਲੀ ਲਾਗ ਹੁੰਦੀ ਹੈ। ਮੁੱਖ ਲੱਛਣਾਂ ਵਿੱਚ ਗਲ਼ੇ ਵਿੱਚ ਦਰਦ ਅਤੇ ਫੋੜੇ ਸ਼ਾਮਲ ਹਨ। ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਵਾਇਰਸ ਕਾਰਨ ਲੱਗਣ ਵਾਲੀ ਬਿਮਾਰੀ ਹੈ ਜਿਸ ਨਾਲ ਹੱਥਾਂ ਅਤੇ ਪੈਰਾਂ ਉੱਤੇ ਅਤੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ।

ਹਰਪੈਨਜਿਨਾ ਕੀ ਹੁੰਦਾ ਹੈ?

ਹਰਪੈਨਜਿਨਾ ਇੱਕ ਵਾਇਰਸ ਨਾਲ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ। ਇਸ ਨਾਲ ਮੂੰਹ ਦੇ ਪਿਛਲੇ ਹਿੱਸੇ ਵਿੱਚ ਛੋਟੇ ਛੋਟੇ ਲਾਲ ਚਟਾਕ ਵਿਖਾਈ ਦੇਣ ਲੱਗਦੇ ਹਨ। ਇਹੀ ਚਟਾਕ ਫ਼ਿਰ ਤਰਲ ਨਾਲ ਭਰੀਆਂ ਛੋਟੀਆਂ ਛੋਟੀਆਂ ਥੈਲੀਆਂ (ਵੈਸੀਕਲਜ਼) ਬਣ ਜਾਂਦੀਆਂ ਹਨ ਜਿਹੜੀਆਂ ਛੇਤੀ ਹੀ ਪਾਟ ਜਾਂਦੀਆਂ ਹਨ, ਪਿੱਛੋਂ ਛੋਟੇ ਛੋਟੇ ਫੋੜੇ ਜਾਂ ਜ਼ਖ਼ਮ ਰਹਿ ਜਾਂਦੇ ਹਨ। ਫੋੜੇ ਬਹੁਤ ਛੋਟੇ ਹੁੰਦੇ ਹਨ, ਲਗਭਗ 2 ਤੋਂ 4 ਮਿਲੀਮੀਟਰ ਚੌੜੇ (ਇੱਕ ਇੰਚ ਦਾ ਲਗਭਗ 1/8 ਹਿੱਸਾ। ਉਹ ਤੁਹਾਡੇ ਬੱਚੇ ਲਈ ਬਹੁਤ ਦੁੱਖਦਾਈ ਹੋ ਸਕਦੇ ਹਨ ਅਤੇ ਉਨ੍ਹਾਂ ਕਾਰਨ ਉਹ ਖਾਣ ਅਤੇ ਪਾਣੀ ਪੀਣ ਤੋਂ ਨਾਂਹ ਕਰ ਸਕਦਾ ਹੈ।

ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਕੀ ਹੁੰਦੀ ਹੈ?

ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਕਾਰਨ ਉਸੇ ਤਰ੍ਹਾਂ ਦੇ ਚਟਾਕ ਅਤੇ ਫੋੜੇ ਮੂੰਹ ਵਿੱਚ ਹੋ ਜਾਂਦੇ ਹਨ ਜਿਸ ਤਰ੍ਹਾਂ ਦੇ ਹਰਪੈਨਜਿਨਾ ਨਾਲ। ਇਸ ਨਾਲ ਹੱਥਾਂ ਅਤੇ ਪੈਰਾਂ ਉੱਪਰ ਵੀ ਚਟਾਕ ਪੈ ਜਾਂਦੇ ਹਨ। ਚਟਾਕ ਡਾਇਪਰ ਵਾਲੇ ਹਿੱਸੇ ਵਿੱਚ ਵੀ ਵਿਖਾਈ ਦੇ ਸਕਦੇ ਹਨ।

ਦੋਵੇਂ ਕੌਕਜ਼ੈਕੀ ਏ (Coxsackie A) ਵਾਇਰਸ ਕਾਰਨ ਹੁੰਦੇ ਹਨ

ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀਆਂ ਬਿਮਾਰੀਆਂ ਦੋਵੇਂ ਵਾਇਰਸ ਦੇ ਇੱਕੋ ਸਮੂਹ ਕਾਰਨ ਹੁੰਦੀਆਂ ਹਨ। ਇਸ ਵਾਇਰਸ ਦਾ ਕੋਈ ਇਲਾਜ ਨਹੀਂ ਹੈ।

ਦੋਹਾਂ ਬਿਮਾਰੀਆਂ ਵਿੱਚ ਚਟਾਕ ਅਤੇ ਫੋੜੇ 10 ਦਿਨਾਂ ਦੇ ਅੰਦਰ ਅੰਦਰ ਆਪਣੇ ਆਪ ਖ਼ਤਮ ਹੋ ਜਾਂਦੇ ਹਨ।

ਵਾਇਰਸ ਛੋਹਣ ਜਾਂ ਸਾਹ ਰਾਹੀਂ ਫ਼ੈਲਦਾ ਹੈ

ਇਹ ਵਾਇਰਸ ਗਰਮੀਆਂ ਅਤੇ ਪੱਤਝੜ ਰੁੱਤ ਦੇ ਸ਼ੁਰੂ ਵਿੱਚ ਆਮ ਹੁੰਦਾ ਹੈ। ਇਹ ਥੁੱਕ ਅਤੇ ਟੱਟੀ ਵਿੱਚ ਹੁੰਦਾ ਹੈ।

ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀਆਂ ਬਿਮਾਰੀਆਂ ਵਾਲੇ ਬੱਚੇ ਦੀ ਲਾਗ ਪਹਿਲੇ ਹਫ਼ਤੇ ਦੌਰਾਨ ਸਭ ਤੋਂ ਵੱਧ ਗੰਭੀਰ ਹੁੰਦੀ ਹੈ। ਫ਼ਿਰ ਵੀ, ਬੱਚਾ ਵਾਇਰਸ ਨੂੰ ਕਈ ਹਫ਼ਤਿਆਂ ਤੀਕ ਫੈਲਾਅ ਸਕਦਾ ਹੈ।

ਸਰੀਰ ਵਿੱਚ ਇਸ ਵਾਇਰਸ ਦੇ ਵਧਣ ਫੁੱਲਣ ਦਾ ਸਮਾਂ 3 ਤੋਂ 6 ਦਿਨ ਹੁੰਦਾ ਹੈ। ਇਸ ਸਮੇਂ ਦੌਰਾਨ, ਬਿਮਾਰ ਹੋਣ ਦੀ ਕੋਈ ਨਿਸ਼ਾਨੀ ਵਿਖਾਈ ਦੇਣ ਤੋਂ ਬਗੈਰ ਵੀ ਬੱਚਾ ਵਾਇਰਸ ਨੂੰ ਅੱਗੇ ਫੈਲਾਅ ਸਕਦਾ ਹੈ।

ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਬੱਚਾ ਲਾਗ ਵਾਲੀ (ਦੂਸ਼ਤ) ਟੱਟੀ ਨੂੰ ਛੋਹੰਦਾ ਹੈ ਅਤੇ ਉਹ ਆਪਣਾ ਹੱਥ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ। ਖੰਘਣ ਅਤੇ ਨਿੱਛਾਂ ਮਾਰਨ ਨਾਲ ਵਾਇਰਸ ਫੇਫੜਿਆਂ ਰਾਹੀਂ ਵੀ ਫੈਲ ਸਕਦਾ ਹੈ।

ਇਹ ਵਾਇਰਸ ਸਤ੍ਹਾ ਅਤੇ ਵਸਤਾਂ, ਜਿਵੇਂ ਕਿ ਕਾਊਂਟਰ (ਰਸੋਈ ਵਿੱਚ ਕੰਮ ਕਰਨ ਵਾਲੀ ਸਤ੍ਹਾ) ਅਤੇ ਖਿਡਾਉਣਿਆਂ ਉੱਪਰ ਕਾਫੀ ਸਮੇਂ ਤੀਕ ਜਿਉਂਦਾ ਰਹਿ ਸਕਦਾ ਹੈ ਅਤੇ ਦੂਜੇ ਵਿਅਕਤੀ ਨੂੰ ਲੱਗ ਸਕਦਾ ਹੈ।

ਇਸ ਨੂੰ ਫੈਲਣ ਅਤੇ ਭਵਿੱਖ ਵਿੱਚ ਫਿਰ ਹੋਣ ਤੋਂ ਰੋਕਣਾ

ਲਾਗ ਨੂੰ ਫੈਲਣ ਤੋਂ ਰੋਕਣ ਲਈ, ਆਪਣੇ ਅਤੇ ਆਪਣੇ ਬੱਚੇ ਦੇ ਹੱਥ ਅਕਸਰ ਧੋਵੋ। ਇਸ ਤਰ੍ਹਾਂ ਕਰਨਾ ਯਕੀਨੀ ਬਣਾਓ:

 • ਬੱਚੇ ਦਾ ਨੱਕ ਪੂੰਝਣ ਤੋਂ ਪਿੱਛੋਂ​
 • ਡਾਇਪਰ ਬਦਲਣ ਤੋਂ ਪਿੱਛੋਂ
 • ਟਾਇਲੈੱਟ ਵਰਤਣ ਤੋਂ ਪਿੱਛੋਂ
 • ਭੋਜਨ ਤਿਆਰ ਕਰਨ ਤੋਂ ਪਹਿਲਾਂ

ਇਸ ਵਾਇਰਸ ਦੀ ਕੋਈ ਦਵਾਈ (ਟੀਕਾ) ਨਹੀਂ ਹੈ।

ਨਿਸ਼ਾਨੀਆਂ ਅਤੇ ਲੱਛਣ

ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਦੋਵੇਂ, ਮੂੰਹ ਵਿੱਚ ਚਟਾਕ ਵਿਖਾਈ ਦੇਣ ਤੋਂ ਪਹਿਲਾਂ ਬੁਖ਼ਾਰ, ਗਲ਼ੇ ਦੇ ਦਰਦ ਅਤੇ ਕਈ ਦਿਨਾਂ ਲਈ ਠੀਕ ਮਹਿਸੂਸ ਨਾ ਕਰਨ ਨਾਲ ਸ਼ੁਰੂ ਹੋ ਸਕਦੇ ਹਨ। ਹੋ ਸਕਦਾ ਹੈ ਬੱਚੇ ਕੁਝ ਖਾਣਾ ਨਾ ਚਾਹੁਣ ਅਤੇ ਉਹ ਬਹੁਤ ਚਿੜਚਿੜੇ ਹੋ ਸਕਦੇ ਹਨ। ਵੱਡੇ ਬੱਚੇ ਸਿਰ ਦਰਦ, ਗਲ਼ੇ ਦੇ ਦਰਦ ਅਤੇ ਸ਼ਕਤੀ ਦੀ ਘਾਟ ਹੋਣ ਦੀ ਸ਼ਿਕਾਇਤ ਕਰ ਸਕਦੇ ਹਨ।

ਬਿਮਾਰੀ ਦੀਆਂ ਪੇਚੀਦਗੀਆਂ ਹਲਕੀਆਂ ਹੁੰਦੀਆਂ ਹਨ

ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਦੀ ਸਭ ਤੋਂ ਆਮ ਪੇਚੀਦਗੀ ਸਰੀਰ ਵਿੱਚੋਂ ਤਰਲਾਂ ਦੀ ਘਾਟ (ਡੀਹਾਈਡਰੇਸ਼ਨ) ਹੋ ਜਾਣੀ ਹੁੰਦੀ ਹੈ। ਡੀਹਾਈਡਰੇਸ਼ਨ ਤੋਂ ਭਾਵ ਹੈ ਸਰੀਰ ਵਿੱਚ ਲੋੜੀਂਦੀ ਮਾਤਰਾ ਵਿੱਚ ਤਰਲਾਂ ਦੀ ਘਾਟ। ਮੂੰਹ ਵਿੱਚ ਦਰਦ ਹੋਣ ਦੇ ਕਾਰਨ ਬੱਚੇ ਤਰਲ ਪਦਾਰਥ ਪੀਣ ਤੋਂ ਨਾਂਹ ਕਰ ਸਕਦੇ ਹਨ। ਫਿਰ ਵੀ, ਘਰ ਵਿੱਚ ਸੰਭਾਲ ਕਰਨ ਨਾਲ ਹਾਈਡਰੇਟਿਡ ਰਹਿਣ ਵਾਸਤੇ ਬਹੁਤੇ ਬੱਚਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਤਰਲ ਮਿਲ ਸਕਦੇ ਹਨ।

ਹੋਰ ਪੇਚੀਦਗੀਆਂ ਬਹੁਤ ਹੀ ਘੱਟ ਹੁੰਦੀਆਂ ਹਨ।

ਆਪਣੇ ਬੱਚੇ ਦੀ ਘਰ ਅੰਦਰ ਸੰਭਾਲ ਕਰਨੀ

ਪਾਲਣ ਪੋਸ਼ਣ ਕਰਨਾ ਹਰਪੈਨਜਿਨਾ ਦਾ ਇਲਾਜ ਹੈ। ਇਸ ਦਾ ਭਾਵ ਹੈ ਕਿ ਆਪਣੇ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਹਾਈਡਰੇਟਿਡ (ਤਰਲ ਪਦਾਰਥ ਦੇਣੇ) ਅਤੇ ਅਰਾਮਦਾਇਕ ਬਣਾ ਕੇ ਰੱਖੋ। ਇਸ ਨਾਲ ਸਰੀਰ ਨੂੰ ਲਾਗ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ।

ਰੋਗਾਣੂਨਾਸ਼ਕ (ਐਂਟੀਬਾਇਟਿਕਸ)ਵਾਇਰਸਾਂ ਉੱਪਰ ਅਸਰ ਨਹੀਂ ਕਰਦੇ। ਉਹ ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਦੇ ਇਲਾਜ ਵਿੱਚ ਕੋਈ ਫ਼ਾਇਦਾ ਨਹੀਂ ਕਰਦੇ।

ਦਰਦ ਤੋਂ ਰਾਹਤ

ਦਰਦ ਤੋਂ ਆਰਮ ਲਈ, ਆਪਣੇ ਬੱਚੇ ਨੂੰ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰਾਂਡ), ਜਾਂ ਆਈਬਿਊਪਰੋਫ਼ੈਨ (ਮੋਟਰਿਨ, ਐਡਵਿਲ, ਜਾਂ ਹੋਰ ਬਰਾਂਡ) ਦਿਓ। ਜੇ ਤੁਹਾਡਾ ਬੱਚਾ ਮੂੰਹ ਰਾਹੀਂ ਦਵਾਈ ਨਹੀਂ ਲੈ ਸਕਦਾ ਉਸ ਨੂੰ ਦਰਦ ਤੋਂ ਅਰਾਮ ਲਈ ਗੁਦਾ ਰਾਹੀਂ ਦੇਣ ਵਾਲੀ ਬੱਤੀ ਦਿੱਤੀ ਜਾ ਸਕਦੀ ਹੈ।

ਤੁਸੀਂ ਅਸੀਟਾਮਿਨੋਫ਼ਿਨ ਅਤੇ ਆਈਬਿਊਪਰੋਫ਼ੈਨ ਦੋਵੇਂ ਇੱਕੋ ਸਮੇਂ ਦੇ ਸਕਦੇ ਹੋ। ਜਾਂ ਹਰ 3 ਘੰਟਿਆਂ ਪਿੱਛੋਂ ਵਾਰੋ ਵਾਰੀ ਇੱਕ ਤੋਂ ਬਾਦ ਦੂਜੀ ਦੇ ਸਕਦੇ ਹੋ। ਲੇਬਲ ਉੱਪਰ ਦਿੱਤੀਆਂ ਹਦਾਇਤਾਂ ਦੀ ਹਮੇਸ਼ਾ ਪਾਲਣਾ ਕਰੋ ਜਾ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।

ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਤਰਲ ਅਕਸਰ ਪੀਂਦੇ ਰਹੋ

ਸਰੀਰ ਵਿੱਚ ਤਰਲਾਂ ਦੀ ਘਾਟ ਹੋ ਜਾਣ ਤੋਂ ਰੋਕਣ ਲਈ ਆਪਣੇ ਬੱਚੇ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਅਕਸਰ ਦਿਉ। ਠੰਢੇ ਭੋਜਨ ਅਤੇ ਨਰਮ ਭੋਜਨ ਜਿਵੇਂ ਕਿ ਆਈਸ ਕਰੀਮ ਅਤੇ ਸੇਬਾਂ ਦੀ ਸਾਸ (ਐਪਲ ਸਾਸ) ਸ਼ਾਂਤ ਕਰਨ ਵਾਲੇ ਹੁੰਦੇ ਹਨ ਅਤੇ ਛਾਲਿਆਂ ਵਿੱਚ ਜਲਣ ਪੈਦਾ ਨਹੀਂ ਕਰਦੇ। ਖੱਟੇ, ਸਾਫ਼ਟ ਡਰਿੰਕਸ (ਕੋਲਾ ਆਦਿ), ਅਤੇ ਨਮਕੀਨ ਜਾਂ ਮਸਾਲੇਦਾਰ ਭੋਜਨ ਵੱਧ ਜਲਣ ਪੈਦਾ ਕਰ ਸਕਦੇ ਹਨ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

 • ਅਸੀਟਾਮਿਨੋਫ਼ਿਨ ਅਤੇ ਆਈਬਿਊਪਰੋਫ਼ੈਨ ਨਾਲ ਦਰਦ ਠੀਕ ਨਹੀਂ ਹੋ ਰਿਹਾ
 • ਮੂੰਹ ਵਿੱਚ ਫੋੜੇ (ਛਾਲੇ) 10 ਦਿਨਾਂ ਤੋਂ ਜ਼ਿਆਦਾ ਸਮਾਂ ਰਹਿੰਦੇ ਹਨ

ਆਪਣੇ ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਪਹੁੰਚੋ ਜਾਂ 911 'ਤੇ ਫ਼ੋਨ ਕਰੋ ਜੇ:

 • ਤੁਹਾਡੇ ਬੱਚੇ ਦੇ ਛਾਤੀ ਵਿੱਚ ਦਰਦ ਹੁੰਦਾ ਹੈ, ਸਾਹ ਚੜ੍ਹਦਾ ਹੈ, ਉਸ ਦਾ ਦਿਲ ਬਹੁਤ ਤੇਜ਼ ਧੜਕਦਾ ਮਹਿਸੂਸ ਹੁੰਦਾ ਹੈ, ਜਾਂ ਬਹੁਤ ਥੱਕਿਆ ਵਿਖਾਈ ਦਿੰਦਾ ਹੈ
 • ਤੁਹਾਡੇ ਬੱਚੇ ਦੇ ਸਿਰ ਵਿੱਚ ਦਰਦ ਹੈ, ਉਲਟੀਆਂ ਕਰਦਾ ਹੈ, ਗਰਦਨ ਵਿੱਚ ਦਰਦ ਜਾਂ ਗਰਦਨ ਵਿੱਚ ਆਕੜਾਅ ਹੈ, ਜਾਂ ਉਸ ਦੇ ਵਰਤਾਉ ਵਿੱਚ ਤਬਦੀਲੀ ਆਈ ਹੈ

ਮੁੱਖ ਨੁਕਤੇ

 • ਹਰਪੈਨਜਿਨਾ ਬੱਚਿਆਂ ਵਿੱਚ ਮੂੰਹ ਦੇ ਪਿੱਛਲੇ ਹਿੱਸੇ ਵਿੱਚ ਲੱਗਣ ਵਾਲੀ ਆਮ, ਦੁਖਦਾਈ ਲਾਗ ਹੈ। ਇਹ 10 ਦਿਨਾਂ ਤੀਕ ਰਹਿ ਸਕਦੀ ਹੈ।
 • ਹਰਪੈਨਜਿਨਾ ਅਤੇ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਵਾਇਰਸਾਂ ਦੇ ਇੱਕੋ ਸਮੂਹ (ਪਰਿਵਾਰ)ਕਾਰਨ ਲੱਗਦੀ ਹੈ।
 • ਕੇਵਲ ਇੱਕੋ ਇਲਾਜ ਹੈ ਇਸ ਦੇ ਦਰਦ ਉੱਤੇ ਕਾਬੂ ਪਾਉਣਾ ਅਤੇ ਸਰੀਰ ਵਿੱਚ ਤਰਲਾਂ ਦੀ ਹੋਂਦ ਨੂੰ ਬਣਾਈ ਰੱਖਣ ਲਈ ਇਹ ਯਕੀਨੀ ਬਣਾਉਣਾ ਕਿ ਤੁਹਾਡਾ ਬੱਚਾ ਲੋੜੀਂਦੀ ਮਾਤਰਾ ਵਿੱਚ ਤਰਲ ਪੀਵੇ।
 • ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਯਕੀਨੀ ਬਣਾਉ ਕਿ ਤੁਸੀਂ ਅਤੇ ਤਹਾਡਾ ਬੱਚਾ ਆਪਣੇ ਹੱਥ ਅਕਸਰ ਧੋਵੋ।
Last updated: ਨਵੰਬਰ 01 2010