ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋਨਿਊਕਲਿਓਸਿਸ) ਕੀ ਹੁੰਦੀ ਹੈ?
ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਹੜੀ ਐੱਸਪਟਾਈਨ-ਬਾਰ ਵਾਇਰਸ (EBV) ਕਾਰਨ ਲੱਗਦੀ ਹੈ। ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ। ਇਹ ਪੀਣ ਵਾਲੇ ਗਲਾਸ, ਬਰਤਨ, ਜਾਂ ਭੋਜਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਨਾਲ, ਜਾਂ ਖੰਘ, ਨਿੱਛਾਂ ਅਤੇ ਚੁੰਮਣ ਰਾਹੀਂ ਵੀ ਫੈਲ ਸਕਦਾ ਹੈ।
ਆਮ ਧਾਰਨਾ ਦੇ ਉਲਟ, ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਬਹੁਤੀ ਛੂਤ ਵਾਲੀ ਨਹੀਂ ਹੁੰਦੀ। ਇੱਕੋ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਇਹ ਬਿਮਾਰੀ ਕਦੇ ਵਿਰਲੀ ਹੀ ਇੱਕੋ ਸਮੇਂ ਹੁੰਦੀ ਹੈ। ਇਹ 15 ਤੋਂ 25 ਸਾਲ ਦੀ ਉਮਰ ਵਾਲਿਆਂ ਵਿੱਚ ਬਹੁਤੀ ਆਮ ਹੁੰਦੀ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਨਾਲ ਜ਼ਿਆਦਾ ਨੇੜਤਾ ਨਾਲ ਸੰਪਰਕ ਕਰਦੇ ਹਨ। ਬਹੁਤੇ ਲੋਕਾਂ ਵਿੱਚ, ਈ ਬੀ ਵੀ (EBV)ਦੀ ਲਾਗ ਆਮ ਤੌਰ ‘ਤੇ ਬਾਲ ਜਾਂ ਬਚਪਨ ਅਵਸਥਾ ਵਿੱਚ ਲੱਗਦੀ ਹੈ ਅਤੇ ਉਹ ਵੀ ਮੋਨੋ ਦੀਆ ਖਾਸ ਨਿਸ਼ਾਨੀਆਂ ਤੋਂ ਬਗੈਰ।
ਮੋਨੋ ਦੀਆਂ ਨਿਸ਼ਾਨੀਆਂ ਅਤੇ ਲੱਛਣ
ਬੱਚਿਆਂ ਵਿੱਚ ਮੋਨੋ ਆਮ ਤੌਰ ਤੇ ਬੇ-ਲੱਛਣੀ ਹੁੰਦੀ ਹੈ। ਇਸ ਤੋਂ ਭਾਵ ਇਸ ਦੇ ਬਹੁਤ ਘੱਟ ਜਾਂ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਹਨ। ਆਮ ਤੌਰ ‘ਤੇ ਬੱਚਿਆਂ ਵਿੱਚ ਜ਼ੁਕਾਮ ਜਾਂ ਹਲ਼ਕੇ ਬੁਖ਼ਾਰ ਦੇ ਮਮੂਲੀ ਲੱਛਣ ਹੁੰਦੇ ਹਨ। ਇਹ ਬੁਖ਼ਾਰ 2 ਹਫ਼ਤਿਆਂ ਤੀਕ ਰਹਿ ਸਕਦਾ ਹੈ। ਇਹ ਖ਼ਤਰਨਾਕ ਨਹੀਂ ਹੁੰਦਾ।
ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਮੋਨੋ ਦੇ ਲੱਛਣ ਵਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਗਲ਼ਾ ਬਹੁਤ ਜ਼ਿਆਦਾ ਦੁਖਣਾ
- ਥਕਾਵਟ, ਊਰਜਾ ਦੀ ਘਾਟ ਅਤੇ ਸਰੀਰ ਦੇ ਦਰਦ
- ਕਾਟੇਜ ਚੀਜ਼ (ਪਨੀਰ) ਵਾਂਗ ਵਿਖਾਈ ਦਿੰਦੀ ਪੀਕ ਨਾਲ ਢਕੇ ਹੋਏ ਲਾਲ ਰੰਗ ਦੇ ਟਾਂਸਿਲ (ਗਲ਼ ਗਿਲਟੀਆਂ)
- ਗਰਦਨ, ਕੱਛਾਂ, ਚੱਡੇ ਅੰਦਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੁੱਜੀਆਂ ਹੋਈਆਂ ਲਸਿਕਾ ਗਿਲਟੀਆਂ (ਲਿੰਫ਼ ਨੋਡਜ਼)
- 7 ਤੋਂ 14 ਦਿਨਾਂ ਤੀਕ ਰਹਿਣ ਵਾਲਾ ਬੁਖ਼ਾਰ
- ਤਿੱਲੀ ਦਾ ਆਕਾਰ ਵਧ ਜਾਣਾ
- ਥੋੜ੍ਹਾ ਜਿਹਾ ਵਧਿਆ ਹੋਇਆ ਜਿਗਰ
- ਧੱਫ਼ੜ
ਬਹੁਤੇ ਬੱਚਿਆਂ ਵਿੱਚ ਕੇਵਲ ਹਲਕੇ ਲੱਛਣ ਇੱਕ ਹਫ਼ਤਾ ਰਹਿੰਦੇ ਹਨ। ਇੱਥੋਂ ਤਕ ਕਿ ਗੰਭੀਰ ਲੱਛਣਾਂ ਵਾਲੇ ਵਿਅਕਤੀ ਵੀ ਆਮ ਤੌਰ 'ਤੇ 2 ਤੋਂ 4 ਹਫ਼ਤਿਆਂ ਵਿੱਚ ਠੀਕ ਮਹਿਸੂਸ ਕਰਨ ਲੱਗਦੇ ਹਨ।
ਮੋਨੋ ਦੀਆਂ ਪੇਚੀਦਗੀਆਂ
ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਲੇ ਬਹੁਤੇ ਬੱਚਿਆਂ ਦੀ ਘਰ ਅੰਦਰ ਹੀ ਸੰਭਾਲ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਤੁਹਾਡੇ ਬੱਚੇ ਨੂੰ ਹਸਪਤਾਲ ਜਾਣ ਦੀ ਲੋੜ ਨਾ ਪਵੇ। ਕਈ ਵਾਰੀ, ਮੋਨੋ ਨਾਲ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ ਅਤੇ ਡਾਕਟਰ ਵੱਲੋਂ ਪੜਤਾਲ ਕਰਨ ਦੀ ਲੋੜ ਪੈ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
ਸਰੀਰ ਵਿੱਚ ਤਰਲਾਂ ਦੀ ਘਾਟ (ਡੀਹਾਈਡਰੇਸ਼ਨ)
ਲੋੜੀਂਦੀ ਮਾਤਰਾ ਵਿੱਚ ਤਰਲ ਨਾ ਪੀਣ ਕਾਰਨ ਸਰੀਰ ਵਿੱਚ ਤਰਲਾਂ ਦੀ ਘਾਟ ਹੀ ਮੋਨੋ ਦੀ ਸਭ ਤੋਂ ਵੱਧ ਆਮ ਪੇਚੀਦਗੀ ਹੁੰਦੀ ਹੈ। ਆਪਣੇ ਬੱਚੇ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਦ ਤਰਲ ਪਦਾਰਥ ਪੀਣ ਲਈ ਦੇ ਕੇ ਤੁਸੀਂ ਇਸ ਨੂੰ ਰੋਕ ਸਕਦੇ ਹੋ।
ਤਿੱਲੀ (ਸਪਲੀਨ) ਦਾ ਵਧਿਆ ਹੋਇਆ ਆਕਾਰ
ਜਦੋਂ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ, ਹੋ ਸਕਦਾ ਹੈ ਉਦੋਂ ਉਸ ਦੀ ਤਿੱਲੀ (ਸਪਲੀਨ) ਵਧ ਗਈ ਹੋਵੇ, ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਪੇਟ ਅਤੇ ਪਿੱਠ ਦੇ ਹੇਠਲੇ ਹਿੱਸੇ ਦਾ ਬਚਾਅ ਕੀਤਾ ਜਾਵੇ। ਪੇਟ ਨੂੰ ਕੋਈ ਚੋਟ ਲੱਗਣ ਨਾਲ ਵਧੀ ਹੋਈ ਤਿੱਲੀ ਪਾਟ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਅੰਦਰ ਖ਼ੂਨ ਵਹਿ ਸਕਦਾ ਹੈ। ਇਹ ਇੱਕ ਐਮਰਜੈਂਸੀ ਹੁੰਦੀ ਹੈ।
ਮੋਨੋ ਤੋਂ ਪੀੜਤ ਸਾਰੇ ਬੱਚਿਆ ਨੂੰ ਘੱਟੋ ਘੱਟ 4 ਹਫ਼ਤਿਆਂ ਲਈ ਜਾਂ ਜਦੋਂ ਤੀਕ ਉਨ੍ਹਾਂ ਦਾ ਡਾਕਟਰ ਆਗਿਆ ਨਹੀਂ ਦਿੰਦਾ ਅਜਿਹੀਆਂ ਖੇਡਾਂ, ਜਿਨ੍ਹਾਂ ਵਿੱਚ ਇੱਕ ਦੂਜੇ ਨਾਲ ਸੰਪਰਕ਼ ਕਰਨਾ ਪੈਂਦਾ ਹੋਵੇ, ਖੇਡਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਥਲੀਟਾਂ (ਖਿਡਾਰੀਆਂ) ਨੂੰ ਉਦੋਂ ਤੀਕ ਆਪਣੀਆਂ ਗਤੀਵਿਧੀਆਂ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ ਜਦੋਂ ਤੀਕ ਉਨ੍ਹਾਂ ਦੀ ਤਿੱਲੀ (ਸਪਲੀਨ) ਮੁੜ ਸਧਾਰਨ ਆਕਾਰ ਵਿੱਚ ਨਹੀਂ ਆ ਜਾਂਦੀ।
ਕੋਸ਼ਿਸ਼ ਕਰੋ ਕਿ ਕਬਜ਼ ਨਾ ਹੋਵੇ। ਤੁਹਾਡੇ ਬੱਚੇ ਨੂੰ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਨਾਲ ਤਿੱਲੀ ਉੱਪਰ ਅਚਾਨਕ ਦਬਾਅ ਪੈ ਸਕਦਾ ਹੈ।
ਜੇ ਤਹਾਡੇ ਬੱਚੇ ਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਹੋਵੇ, ਉਸ ਨੂੰ ਤੁਰੰਤ ਐਮਰਜੈਂਸੀ ਵਿਭਾਗ ਲੈ ਕੇ ਜਾਉ।
ਸਾਹ ਲੈਣ ਵਿੱਚ ਤਕਲੀਫ਼
ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਉਸ ਦੇ ਸਾਹ ਵਾਲੇ ਰਸਤਿਆਂ ਵਿੱਚ ਵਧੇ ਹੋਏ ਟਾਂਸਿਲਾਂ (ਗਲ਼ ਗਿਲਟੀਆਂ), ਗਲ਼ੇ ਦੇ ਕਾਂ (ਘੰਡੀ) ਦੇ ਪਿੱਛੇ ਲਸਿਕਾ ਟਿਸ਼ੂ (ਐਡੇਨੋਆਇਡਜ਼), ਅਤੇ ਗਲ਼ੇ ਦੇ ਪਿਛਲੇ ਹਿੱਸੇ ਅੰਦਰ ਹੋਰ ਲਸਿਕਾ ਟਿਸ਼ੂਆਂ ਕਾਰਨ ਅੰਸ਼ਕ ਤੌਰ 'ਤੇ ਰੁਕਾਵਟ ਹੋ ਸਕਦੀ ਹੈ। ਹੋ ਸਕਦਾ ਹੈ, ਬੱਚਾ ਕਹੇ ਕਿ ਉਸ ਦੇ “ਗਲ਼ੇ ਵਿੱਚ ਕੁੱਝ ਫਸਿਆ ਹੋਇਆ ਹੈ”। ਤੁਹਾਡੇ ਬੱਚੇ ਦਾ ਡਾਕਟਰ ਇਹ ਪਤਾ ਕਰਨ ਲਈ ਉਸ ਦੇ ਗਲ਼ੇ ਦਾ ਮੁਆਇਨਾ ਕਰ ਸਕਦਾ ਹੈ ਕਿ ਕੀ ਗਲ਼ੇ ਵਿੱਚ ਰੁਕਾਵਟ ਹੋਣ ਦਾ ਖ਼ਤਰਾ ਹੈ। ਤੁਹਾਡੇ ਬੱਚੇ ਨੂੰ ਗਲ਼ੇ ਦੀ ਸੋਜਸ਼ ਘਟਾਉਣ ਲਈ ਦਵਾਈ ਲੈਣ ਦੀ ਲੋੜ ਪੈ ਸਕਦੀ ਹੈ।
ਧੱਫ਼ੜ
ਮੋਨੋ ਨਾਲ ਪੀੜਤ ਕੁਝ ਬੱਚਿਆਂ ਦੇ ਗੰਭੀਰ ਧੱਫ਼ੜ ਹੋ ਜਾਂਦੇ ਹਨ, ਜੇ ਉਹ ਐਂਪੀਸਲੀਨ ਜਾਂ ਅਮੌਕਸੀਲਿਨ ਰੋਗਾਣੂਨਾਸ਼ਕ (ਐਂਟੀਬਾਇਔਟਿਕਸ) ਲੈਂਦੇ ਹਨ। ਜੇ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ ਤਾਂ ਇਨ੍ਹਾਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦੇ ਡਾਕਟਰ ਨੂੰ ਮੋਨੋ ਦੇ ਨਾਲ ਨਾਲ ਜਰਾਸੀਮਾਂ ਤੋਂ ਹੋਣ ਵਾਲੀ ਲਾਗ ਦਾ ਸ਼ੱਕ ਹੋਵੇ, ਤਾਂ ਹੋਰ ਰੋਗਾਣੂਨਾਸ਼ਕ ਬਿਨਾਂ ਕਿਸੇ ਖ਼ਤਰੇ ਦੇ ਦਿੱਤੇ ਜਾ ਸਕਦੇ ਹਨ।
ਦਾਇਮੀ ਥਕਾਵਟ ਦਾ ਵਰਤਾਰਾ (ਸਿੰਡਰੌਮ)
ਬਹੁਤ ਜ਼ਿਆਦਾ ਥਕਾਵਟ, ਕਮਜ਼ੋਰੀ, ਅਤੇ ਵਾਰ ਵਾਰ ਹੋਣ ਵਾਲੇ ਦਰਦ ਦਾਇਮੀ ਥਕਾਵਟ ਦੇ ਲੱਛਣ ਹੁੰਦੇ ਹਨ। ਇਹ ਲੱਛਣ ਘੱਟੋ ਘੱਟ 6 ਮਹੀਨੇ ਤੀਕ ਰਹਿੰਦੇ ਹਨ।
ਮੋਨੋ ਲਈ ਤੁਹਾਡੇ ਬੱਚੇ ਦਾ ਡਾਕਟਰ ਕੀ ਕਰ ਸਕਦਾ ਹੈ
ਤੁਹਾਡੇ ਬੱਚੇ ਦਾ ਮੁਆਇਨਾ
ਤੁਹਾਡੇ ਬੱਚੇ ਦਾ ਡਾਕਟਰ ਤੁਹਾਨੂੰ ਬੱਚੇ ਦੇ ਲੱਛਣਾਂ ਬਾਰੇ ਪੁੱਛ ਕੇ, ਤੁਹਾਡੇ ਬੱਚੇ ਦਾ ਮੁਆਇਨਾ ਕਰ ਕੇ, ਅਤੇ ਸ਼ਾਇਦ ਖ਼ੂਨ ਦੇ ਟੈਸਟ ਕਰ ਕੇ, ਮੋਨੋ ਦੀ ਤਸ਼ਖ਼ੀਸ ਕਰੇਗਾ।
ਦਵਾਈ
ਇਸ ਵਾਇਰਸ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ। ਸਰੀਰ ਦਾ ਬਿਮਾਰੀਆਂ ਵਿਰੁੱਧ ਲੜਨ ਵਾਲਾ ਸਿਸਟਮ ਇਸ ਲਾਗ ਦਾ ਮੁਕਾਬਲਾ ਕਰੇਗਾ। ਇਲਾਜ ਕੇਵਲ ਤੁਹਾਡੇ ਬੱਚੇ ਦੇ ਅਰਾਮ ਵਿੱਚ ਵਾਧਾ ਕਰਨ ਨਾਲ ਹੀ ਕੀਤਾ ਜਾਂਦਾ ਹੈ।
ਜੇ ਟਾਂਸਿਲ ਇੰਨੇ ਵੱਡੇ ਹੋ ਗਏ ਹੋਣ ਕਿ ਉਹ ਲਗਭਗ ਆਪਸ ਵਿੱਚ ਸਪਰਸ਼ ਕਰਦੇ ਹੋਣ, ਸੋਜਸ਼ ਘਟਾਉਣ ਲਈ ਡਾਕਟਰ ਸਟੀਰੋਆਇਡ ਦਵਾਈ ਵੀ ਤਜਵੀਜ਼ ਕਰ ਸਕਦਾ ਹੈ।
ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਲੇ ਆਪਣੇ ਬੱਚੇ ਦੀ ਘਰ ਅੰਦਰ ਸੰਭਾਲ ਕਰਨੀ
ਬੁਖ਼ਾਰ ਅਤੇ ਦਰਦ ਦੀਆਂ ਦਵਾਈਆਂ
ਲਸਿਕਾ ਗਿਲਟੀਆਂ ਦੀ ਸੋਜਸ਼ ਅਤੇ ਬੁਖ਼ਾਰ ਤੋਂ ਹੋਣ ਵਾਲੀ ਬੇਅਰਾਮੀ ਅਕਸਰ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਹੋਰ ਬਰੈਂਡ) ਨਾਲ ਠੀਕ ਕੀਤੀ ਜਾ ਸਕਦੀ ਹੈ।
ਤਰਲ
ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀਂਦਾ ਹੈ। ਮਿਲਕ ਸ਼ੇਕ ਅਤੇ ਪੀਣ ਵਾਲੀਆਂ ਠੰਢੀਆਂ ਚੀਜਾਂ ਚੰਗੀਆਂ ਹੁੰਦੀਆਂ ਹਨ। ਇੱਕ ਸਾਲ ਤੋਂ ਵੱਡੀ ਉਮਰ ਦੇ ਬੱਚੇ ਕੋਸੇ ਜਿਹੇ ਚਿਕਨ ਬਰੋਥ (ਸੂਪ) ਦੀਆਂ ਘੁੱਟਾਂ ਭਰ ਸਕਦੇ ਹਨ।
ਤੁਹਾਡਾ ਬੱਚਾ/ਬੱਚੀ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀ ਰਿਹਾ ਹੈ, ਜੇ:
- ਉਹ ਦਿਨ ਵਿੱਚ 2 ਤੋਂ 3 ਵਾਰੀ ਪਿਸ਼ਾਬ ਕਰਦਾ/ਕਰਦੀ ਹੈ
- ਉਸ ਦੀਆਂ ਅੱਖਾਂ ਸਿੱਲ੍ਹੀਆਂ ਅਤੇ ਜੇ ਉਹ ਰੋਂਦਾ/ਰੋਂਦੀ ਹੈ ਤਾਂ ਉਨ੍ਹਾਂ ਵਿੱਚ ਹੰਝੂ ਹਨ
- ਉਸ ਦਾ ਮੂੰਹ ਗਿੱਲਾ ਹੈ ਅਤੇ ਉਸ ਵਿੱਚ ਥੁੱਕ ਆਉਂਦਾ ਹੈ
ਗਲ਼ੇ ਦੇ ਦਰਦ ਦਾ ਇਲਾਜ
ਜੇ ਤੁਹਾਡੇ ਬੱਚੇ ਨੂੰ ਖਾਣਾ ਅਤੇ ਪੀਣਾ ਦੁਖਦਾਇਕ ਲੱਗਦਾ ਹੈ, ਹੇਠ ਦਿੱਤੇ ਢੰਗ ਅਜ਼ਮਾਉ:
- ਉਸ ਨੂੰ ਅਜਿਹੇ ਨਰਮ ਭੋਜਨ ਦਿਓ ਜਿਹੜੇ ਨਿਗਲਣ ਵਿੱਚ ਅਸਾਨ ਹੁੰਦੇ ਹਨ, ਜਿਵੇਂ ਕਿ ਸੂਪ, ਆਈਸ ਕਰੀਮ, ਪੁਡਿੰਗ (ਹਲਵਾ, ਖੀਰ ਆਦਿ) ਜਾਂ ਯੋਗ੍ਹਰਟ (ਦਹੀਂ)
- ਜੇ ਉਨ੍ਹਾਂ ਕਾਰਨ ਦਰਦ ਵੱਧਦਾ ਹੋਵੇ ਤਾਂ ਬਹੁਤ ਨਮਕੀਨ, ਮਸਾਲੇ ਵਾਲੇ, ਤੇਜ਼ਾਬੀ ਜਾਂ ਖੱਟੇ ਭੋਜਨ ਦੇਣ ਤੋਂ ਪਰਹੇਜ਼ ਕਰੋ
- ਤਰਲ ਬਹੁਤੀ ਮਾਤਰਾ ਵਿੱਚ ਦਿਓ। ਸਟਰਾਅ (ਤਰਲ ਪੀਣ ਵਾਲੀ ਨਲਕੀ) ਜਾਂ ਸਿੱਪੀ ਕੱਪ ਨਾਲ ਤਰਲ ਪੀਣੇ ਵੀ ਸਹਾਈ ਹੋ ਸਕਦੇ ਹਨ।
- ਜੇ ਤੁਹਾਡਾ ਬੱਚਾ 1 ਸਾਲ ਤੋਂ ਵੱਡੀ ਉਮਰ ਦਾ ਹੈ, ਉਸ ਦੇ ਗਲ਼ੇ ਦਾ ਦਰਦ ਘੱਟ ਕਰਨ ਅਤੇ ਖੰਘ ਵਿੱਚ ਮਦਦ ਕਰਨ ਲਈ 1 ਤੋਂ 2 ਛੋਟੇ ਚਮਚੇ (5 ਤੋਂ 10 ਮਿ.ਲੀ.) ਜਰਮ ਰਹਿਤ ਕੀਤਾ ਸ਼ਹਿਦ ਦੇਣ ਦੀ ਕੋਸ਼ਿਸ ਕਰੋ।
- ਵੱਡੀ ਉਮਰ ਦੇ ਬੱਚੇ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰ ਸਕਦੇ ਹਨ।
- ਬਰਫ਼ ਦੀਆਂ ਟਿੱਕੀਆਂ (ਕਿਊਬ) ਅਤੇ ਚੂਸਣ ਵਾਲੀਆਂ ਗੋਲ਼ੀਆਂ ਵੱਡੇ ਬੱਚਿਆਂ ਜਾਂ ਯੁਵਕਾਂ ਨੂੰ ਕੁੱਝ ਅਰਾਮ ਪਹੁੰਚਾ ਸਕਦੀਆਂ ਹਨ। ਇਹ ਛੋਟੇ ਬੱਚਿਆਂ ਨੂੰ ਨਾ ਦਿਓ, ਕਿਉਂਕਿ ਇਨ੍ਹਾਂ ਦਾ ਗਲ਼ੇ ਵਿੱਚ ਅਟਕ ਜਾਣ ਦਾ ਖ਼ਤਰਾ ਹੁੰਦਾ ਹੈ।
ਅਰਾਮ ਅਤੇ ਕਿਰਿਆਸ਼ੀਲਤਾ
ਤੁਹਾਡੇ ਬੱਚੇ ਨੂੰ ਬਿਸਤਰ ਵਿੱਚ ਜਾਂ ਅਲਹਿਦਾ ਰੱਖਣ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੂੰ ਕਿੰਨੇ ਕੁ ਅਰਾਮ ਦੀ ਲੋੜ ਹੈ। ਆਮ ਤੌਰ ‘ਤੇ ਜਦੋਂ ਬੱਚਿਆਂ ਨੂੰ ਬੁਖ਼ਾਰ ਹੁੰਦਾ ਹੈ ਉਦੋਂ ਉਹ ਸੁਸਤ ਹੋ ਜਾਂਦੇ ਹਨ ਅਤੇ ਫਿਰ ਉਸ ਤੋਂ ਪਿੱਛੋਂ ਵਧੇਰੇ ਕਿਰਿਆਸ਼ੀਲ ਹੋ ਜਾਂਦੇ ਹਨ।
ਜਦੋਂ ਬੱਚਿਆਂ ਦਾ ਬੁਖ਼ਾਰ ਉੱਤਰ ਜਾਵੇ ਅਤੇ ਸਧਾਰਨ ਤਰੀਕੇ ਨਾਲ ਨਿਗਲਣ ਲੱਗ ਜਾਣ ਉਹ ਮੁੜ ਸਕੂਲ ਜਾ ਸਕਦੇ ਹਨ। ਬਹੁਤੇ ਬੱਚੇ 2 ਤੋਂ 4 ਹਫ਼ਤਿਆਂ ਵਿੱਚ ਮੁੜ ਆਪਣੇ ਸਧਾਰਨ ਨਿੱਤਨੇਮ ਵਿੱਚ ਵਾਪਸ ਜਾਣਾ ਚਾਹੁਣਗੇ।
ਜੇ ਤਿੱਲੀ (ਸਪਲੀਨ) ਵਧੀ ਹੋਈ ਹੋਵੇ ਤਾਂ ਇੱਕ ਦੂਜੇ ਨਾਲ ਸੰਪਰਕ ਕਰਨ ਵਾਲੀਆਂ ਖੇਡਾਂ ਅਤੇ ਹੋਰ ਕਿਰਿਆਵਾਂ, ਜਿਨ੍ਹਾਂ ਨਾਲ ਪੇਟ ਦੀ ਸੱਟ ਲੱਗ ਸਕਦੀ ਹੋਵੇ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਬੱਚੇ ਦੇ ਡਾਕਟਰ ਤੋਂ ਪਤਾ ਕਰੋ।
ਵਾਇਰਸ ਜਾਂ ਲਾਗ ਨੂੰ ਫ਼ੈਲਣ ਤੋਂ ਕਿਵੇਂ ਘੱਟ ਕੀਤਾ ਜਾ ਸਕਦਾ ਹੈ
ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਉਸ ਸਮੇਂ ਛੂਤ ਨਾਲ ਵਧੇਰੇ ਲੱਗਦੀ ਹੈ ਜਦੋਂ ਬੱਚੇ ਨੂੰ ਬੁਖ਼ਾਰ ਹੋਵੇ। ਬੁਖ਼ਾਰ ਉੱਤਰ ਜਾਣ ਤੋਂ ਪਿੱਛੋਂ ਵੀ 6 ਮਹੀਨਿਆਂ ਤੀਕ ਥੁੱਕ ਵਿੱਚ ਥੋੜ੍ਹੀ ਮਾਤਰਾ ਵਿੱਚ ਵਾਇਰਸ ਰਹਿੰਦਾ ਹੈ। ਮੋਨੋ ਤੋਂ ਪੀੜਤ ਤੁਹਾਡੇ ਬੱਚੇ ਨੂੰ ਇਕੱਲੇ ਰੱਖਣ ਦੀ ਲੋੜ ਨਹੀਂ ਹੈ। ਵਾਇਰਸ ਨੂੰ ਫ਼ੈਲਣ ਤੋਂ ਬਚਾਅ ਕਰਨ ਲਈ ਪੀਣ ਵਾਲੇ ਗਲਾਸ ਅਤੇ ਬਰਤਨ ਅਲੱਗ ਅਲੱਗ ਵਰਤੋ। ਇਸ ਦੇ ਨਾਲ ਹੀ, ਬੁਖ਼ਾਰ ਉੱਤਰ ਜਾਣ ਦੇ ਕਈ ਦਿਨ ਬਾਅਦ ਤੀਕ ਚੁੰਮਣ ਤੋਂ ਪਰਹੇਜ਼ ਕਰੋ।
ਲਾਗ ਵਾਲੇ ਵਿਅਕਤੀ ਨਾਲ ਸੰਪਰਕ ਤੋਂ ਪਿੱਛੋਂ ਮੋਨੋ ਵਾਇਰਸ ਦੇ ਪ੍ਰਫੁੱਲਤ ਹੋਣ ਦਾ ਸਮਾਂ 4 ਤੋਂ 10 ਹਫ਼ਤੇ ਹੈ। ਇਸ ਦਾ ਮਤਲਬ ਹੈ ਕਿ ਜੇ ਬੱਚੇ ਨੂੰ ਵਾਇਰਸ ਦਾ ਅਸਰ ਹੋ ਜਾਂਦਾ ਹੈ, ਉਹ ਸੰਪਰਕ ਵਿੱਚ ਆਉਣ ਪਿੱਛੋਂ 4 ਤੋਂ 10 ਹਫ਼ਤਿਆਂ ਤੀਕ ਬਿਮਾਰ ਮਹਿਸੂਸ ਨਹੀਂ ਕਰੇਗਾ ਜਾਂ ਬਿਮਾਰ ਵਿਖਾਈ ਨਹੀਂ ਦੇਵੇਗਾ।
ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:
- ਤੁਹਾਡਾ ਬੱਚਾ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਨਹੀਂ ਪੀ ਸਕਦਾ
- ਉਸ ਦੇ ਮੱਥੇ (ਸਾਈਨਸ) ਜਾਂ ਕੰਨ ਵਿੱਚ ਦਰਦ ਹੋਵੇ
- ਤੁਹਾਡਾ ਬੱਚਾ ਮੋਨੋ ਦੀ ਤਸ਼ਖੀਸ਼ ਤੋਂ ਪਿੱਛੋਂ 2 ਹਫ਼ਤਿਆਂ ਤੋਂ ਮੁੜ ਸਕੂਲ ਨਹੀਂ ਗਿਆ
- 4 ਹਫ਼ਤਿਆਂ ਤੋਂ ਪਿੱਛੋਂ ਵੀ ਲੱਛਣ ਵਿਖਾਈ ਦਿੰਦੇ ਹੋਣ
- ਤੁਹਾਡੇ ਹੋਰ ਪ੍ਰਸ਼ਨ ਜਾਂ ਸਰੋਕਾਰ ਹੋਣ
ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਲੈ ਕੇ ਜਾਓ, ਜੇ ਤੁਹਾਡੇ ਬੱਚੇ:
- ਦੇ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਗਈ ਹੋਵੇ
- ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਵੇ
- ਦੇ ਪੇਟ ਵਿੱਚ ਦਰਦ ਹੋਵੇ, ਖਾਸਕਰ ਖੱਬੇ ਪਾਸੇ ਉੱਪਰ ਵੱਲ
- ਬਹੁਤ ਬਿਮਾਰਾਂ ਵਾਂਗ ਵਰਤਾਉ ਕਰੇ
ਮੁੱਖ ਨੁਕਤੇ
- ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਇਰਸ ਨਾਲ ਲੱਗਣ ਵਾਲੀ ਲਾਗ ਦੀ ਅਜਿਹੀ ਕਿਸਮ ਹੈ ਜਿਹੜੀ ਛੋਟੇ ਬੱਚਿਆਂ ਵਿੱਚ ਬੁਖ਼ਾਰ ਦਾ ਕਾਰਨ ਬਣ ਸਕਦੀ ਹੈ।
- ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਬੁਖ਼ਾਰ ਦੇ ਨਾਲ ਹੋਰ ਲੱਛਣ ਵੀ ਹੁੰਦੇ ਹਨ।
- ਜਦੋਂ ਤੁਹਾਡੇ ਬੱਚੇ ਦਾ ਸਰੀਰ ਬਿਮਾਰੀ ਦਾ ਮੁਕਾਬਲਾ ਕਰ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਅਰਾਮਦਾਇਕ ਅਤੇ ਉਸ ਦੇ ਸਰੀਰ ਵਿੱਚ ਤਰਲਾਂ ਦਾ ਪੱਧਰ ਬਣਾਈ ਰੱਖੋ।
- ਖੇਡਾਂ ਖੇਡਣੀਆਂ ਅਤੇ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰੋ। ਤਿੱਲੀ (ਸਪਲੀਨ) ਨੂੰ ਸੱਟ ਲੱਗਣ ਨਾਲ ਸਰੀਰ ਅੰਦਰ ਬਹੁਤ ਜ਼ਿਆਦਾ ਖ਼ੂਨ ਵਹਿ ਸਕਦਾ ਹੈ।