ਨਾਸੋਗੈਸਟ੍ਰਿਕ (NG) ਟਿਊਬ: ਆਪਣੇ ਬੱਚੇ ਦੀ NG ਟਿਊਬ ਨੂੰ ਕਿਵੇਂ ਪਾਉਣਾ ਹੈ

Nasogastric (NG) Tube: How to insert your child's NG tube [ Punjabi ]

PDF download is not available for Arabic and Urdu languages at this time. Please use the browser print function instead

ਇਸ ਬਾਰੇ ਇੱਕ ਗਾਈਡ ਕਿ ਆਪਣੇ ਬੱਚੇ ਦੀ ਨਾਸੋਗੈਸਟ੍ਰਿਕ ਟਿਊਬ ਨੂੰ ਕਿਵੇਂ ਪਾਉਣਾ ਹੈ।

ਮੁੱਖ ਨੁਕਤੇ

  • ਨਰਮ ਸਿਲਾਸਟਿਕ ਨਾਸੋਗੈਸਟ੍ਰਿਕ (NG) ਟਿਊਬ ਇੱਕ ਲੰਬੀ, ਪਤਲੀ, ਖੋਖਲੀ ਟਿਊਬ ਹੁੰਦੀ ਹੈ ਜੋ ਨੱਕ ਦੀ ਨਾਸ ਰਾਹੀਂ ਗਲੇ ਵਿੱਚ ਅਤੇ ਹੇਠਾਂ ਪੇਟ ਵਿੱਚ ਪਾਈ ਜਾਂਦੀ ਹੈ।
  • ਹਰ ਵਾਰ ਜਦ ਵੀ ਤੁਸੀਂ ਟਿਊਬ ਪਾਉਂਦੇ ਹੋ, ਤਾਂ ਜੇ ਸੰਭਵ ਹੋਵੇ ਤਾਂ ਨਾਸ ਨੂੰ ਬਦਲ ਦਿਓ।
  • ਹਰ ਵਾਰ ਜਦੋਂ ਇਹ ਪਾਈ ਜਾਂਦੀ ਹੈ, ਤਰਲ ਪੋਸ਼ਣ (ਫ਼ੀਡ), ਤਰਲ ਪਦਾਰਥਾਂ ਲਈ ਜਾਂ ਦਵਾਈਆਂ ਦੇਣ ਲਈ ਵਰਤੀ ਜਾਂਦੀ ਹੈ, ਤਾਂ ਤੁਹਾਨੂੰ NG ਟਿਊਬ ਪਾਉਣ ਵਾਲੀ ਥਾਂ ਦੀ ਜਾਂਚ ਕਰਨੀ ਚਾਹੀਦੀ ਹੈ।
  • ਜੇ ਟਿਊਬ ਏਅਰਵੇ (ਸਾਹ ਵਾਲੇ ਰਸਤੇ) ਵਿੱਚ ਹੈ, ਤਾਂ ਤੁਹਾਡੇ ਬੱਚੇ ਦਾ ਦਮ ਘੁੱਟ ਸਕਦਾ ਹੈ, ਉਸ ਨੂੰ ਖੰਘ ਹੋ ਸਕਦੀ ਹੈ ਜਾਂ ਉਸ ਨੂੰ ਸਾਹ ਲੈਣ ਜਾਂ ਬੋਲਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਰੰਤ NG ਟਿਊਬ ਨੂੰ ਹਟਾ ਦਿਓ । ਆਪਣੇ ਬੱਚੇ ਨੂੰ ਆਰਾਮ ਕਰਨ ਦਿਓ ਅਤੇ ਉਸਦੇ ਬਿਹਤਰ ਮਹਿਸੂਸ ਕਰਨ ਤੋਂ ਬਾਅਦ ਦੁਬਾਰਾ ਸ਼ੁਰੂ ਕਰੋ।
ਨਾਸੋਗੈਸਟ੍ਰਿਕ ਟਿਊਬ ਵਾਲਾ ਬੱਚਾ

ਨਾਸੋਗੈਸਟ੍ਰਿਕ ਟਿਊਬ ਕੀ ਹੁੰਦੀ ਹੈ ?

ਇੱਕ ਨਾਸੋਗੈਸਟ੍ਰਿਕ (NG) ਟਿਊਬ ਇੱਕ ਲੰਬੀ, ਪਤਲੀ, ਖੋਖਲੀ ਨਲੀ ਹੁੰਦੀ ਹੈ ਜੋ ਨੱਕ ਦੀ ਨਾਸ ਰਾਹੀਂ ਗਲੇ ਵਿੱਚ ਅਤੇ ਪੇਟ ਵਿੱਚ ਹੇਠਾਂ ਵਿੱਚ ਲੰਘਦੀ ਹੈ। ਤੁਸੀਂ ਆਪਣੇ ਬੱਚੇ ਨੂੰ ਫ਼ੀਡ ਦੇਣ ਲਈ ਟਿਊਬ ਦੀ ਵਰਤੋਂ ਕਰ ਸਕਦੇ ਹੋ ਜੇ ਉਹ ਮੂੰਹ ਦੁਆਰਾ ਲੋੜੀਂਦਾ ਭੋਜਨ ਲੈਣ ਵਿੱਚ ਅਸਮਰੱਥ ਹਨ ਜਾਂ ਉਹ ਮੂੰਹ ਦੁਆਰਾ ਸੁਰੱਖਿਅਤ ਢੰਗ ਨਾਲ ਭੋਜਨ ਲੈਣ ਦੇ ਯੋਗ ਨਹੀਂ ਹਨ। ਤਰਲ ਪੋਸ਼ਣ (ਫ਼ੀਡਾਂ) ਟਿਊਬ ਰਾਹੀਂ ਪੇਟ ਵਿੱਚ ਜਾਂਦੀਆਂ ਹਨ।

ਤੁਸੀਂ ਟਿਊਬ ਨੂੰ ਕਿਵੇਂ ਪਾਉਂਦੇ ਹੋ?

ਟਿਊਬ ਨੂੰ ਪਾਉਣ ਲਈ ਤਿਆਰ ਕਰਨਾ

  1. ਹੇਠ ਲਿਖੇ ਸਾਜ਼ੋ-ਸਾਮਾਨ ਨੂੰ ਇਕੱਠਾ ਕਰੋ ਅਤੇ ਇਸਨੂੰ ਨੇੜਿਓਂ ਪਹੁੰਚ ਵਿੱਚ ਰੱਖੋ:
    • ਗਾਈਡਵਾਇਰ ਦੇ ਨਾਲ ਸਿਲਾਸਟਿਕ NG ਟਿਊਬ, ਆਕਾਰ _____
    • ਗੈਰ-ਐਲਰਜੈਨਿਕ ਟੇਪ, ਜਿਵੇਂ ਕਿ ਹਾਈਪਾਫਿਕਸ (Hypafix), ਦੇ ਕੱਟੋ ਹੋਏ ਟੁਕੜੇ
    • ਬੱਚੇ ਲਈ ਇੱਕ ਗਲਾਸ ਪਾਣੀ (ਪੀਣ ਲਈ) ਜਿਸ ਵਿੱਚ ਸਟ੍ਰਾਅ ਹੋਵੇ ਜਾਂ ਛੋਟੇ ਬਾਲ ਲਈ ਸੂਦਰ (ਵਿਕਲਪਿਕ)
    • ਪਾਣੀ (ਟਿਊਬ ਨੂੰ ਫਲੱਸ਼ ਕਰਨ ਲਈ)
    • ਪਾਣੀ ਵਿੱਚ ਘੁਲਣਸ਼ੀਲ ਲੁਬਰੀਕੈਂਟ
    • ਲਿਖਣ ਵਾਲਾ ਪਰਮਾਨੈਂਟ ਮਾਰਕਰ
    • 2 ਸਰਿੰਜਾਂ
    • pH ਟੈਸਟ ਸਟ੍ਰਿਪਸ
  2. ਆਪਣੇ ਹੱਥਾਂ ਨੂੰ ਧੋਵੋ।
  3. NG ਟਿਊਬ ਨੂੰ ਮਾਪੋ।
    • ਛੋਟੇ ਬਾਲਾਂ ਲਈ, ਆਪਣੇ ਛੋਟੇ ਬਾਲ ਨੂੰ ਸਿੱਧਾ ਉੱਪਰ ਮੂੰਹ ਕਰਕੇ ਲਿਟਾਓ। ਵੱਡੇ ਬੱਚੇ ਬੈਠ ਸਕਦੇ ਹਨ।
    • ਟਿਊਬ ਦੇ ਸਿਰੇ ਨੂੰ ਇਸ ਤਰ੍ਹਾਂ ਪਕੜੋ ਕਿ ਨਿਕਾਸੀ ਛੇਕ ਤੁਹਾਡੇ ਬੱਚੇ ਦੀ ਨਾਸ ’ਤੇ ਹੋਵੇ।
    • ਨਾਸ ਤੋਂ ਲੈਕੇ ਕੰਨ ਦੇ ਲਟਕਦੇ ਹਿੱਸੇ ਦੇ ਅਧਾਰ ਤੱਕ ਟਿਊਬ ਨੂੰ ਮਾਪੋ। ਕੰਨ ਦੇ ਲਟਕਦੇ ਭਾਗ ਦੇ ਅਧਾਰ ਤੋਂ ਛਾਤੀ ਦੀ ਹੱਡੀ ਦੇ ਅਧਾਰ ਅਤੇ ਨਾਭੀ, ਜਾਂ "ਧੁੰਨੀ" ਦੇ ਵਿਚਕਾਰ ਲਗਭਗ ਅੱਧੇ ਤੱਕ ਮਾਪਣਾ ਜਾਰੀ ਰੱਖੋ।
ਸਹੀ ਲੰਬਾਈ ਲਈ NG ਟਿਊਬ ਨੂੰ ਮਾਪਣਾ ਇੱਕ ਨਵਜੰਮੇ ਬੱਚੇ ਅਤੇ ਇੱਕ ਵੱਡੇ ਬੱਚੇ ਦੇ ਮਾਪ ਅਤੇ ਛਾਤੀ ਦੀ ਹੱਡੀ ਦੇ ਅਧਾਰ ਅਤੇ ਦੋਵਾਂ 'ਤੇ ਢਿੱਡ ਦੇ ਬਟਨ ਦੀ ਸਥਿਤੀ।
  1. ਇੱਕ ਸਥਾਈ ਮਾਰਕਰ ਦੀ ਵਰਤੋਂ ਕਰਦੇ ਹੋਏ, ਛਾਤੀ ਦੀ ਹੱਡੀ ਦੇ ਅਧਾਰ ਅਤੇ ਧੁੰਨੀ ਦੇ ਵਿਚਕਾਰਲੇ ਅੱਧੇ ਬਿੰਦੂ ਨੂੰ ਨਿਸ਼ਾਨਬੱਧ ਕਰੋ। ਸਿਆਹੀ ਨੂੰ ਸੁੱਕਣ ਦਿਓ।
NG ਟਿਊਬ 'ਤੇ ਮਾਪਾਂ ਨੂੰ ਮਾਰਕ ਕਰਨਾ ਛਾਤੀ ਦੀ ਹੱਡੀ ਦੇ ਹੇਠਾਂ ਟਿਊਬ 'ਤੇ ਸ਼ੁਰੂਆਤੀ ਬਿੰਦੂ ਅਤੇ ਬਿੰਦੂ 'ਤੇ ਦੋ ਪੋਰਟਾਂ ਅਤੇ ਹਟਾਉਣਯੋਗ ਗਾਰਡਡ ਤਾਰ ਵਾਲੀ NG ਟਿਊਬ 'ਤੇ ਨਿਸ਼ਾਨ।
  1. ਜੇ NG ਟਿਊਬ ਵਿੱਚ ਗਾਈਡਵਾਇਰ ਹੈ, ਤਾਂ ਜਾਂਚ ਕਰੋ ਕਿ ਗਾਈਡਵਾਇਰ ਨੂੰ ਕੁਝ ਸੈਂਟੀਮੀਟਰ ਖਿੱਚ ਕੇ ਬਾਹਰ ਕੱਢਣਾ ਆਸਾਨ ਹੈ, ਫਿਰ ਇਸ ਨੂੰ ਵਾਪਸ ਅੰਦਰ ਪਾਓ ਅਤੇ ਟਿਊਬ ਦੇ ਮੁੱਖ ਪੋਰਟ 'ਤੇ ਇਸਨੂੰ ਕੱਸ ਦਿਓ।

ਟਿਊਬ ਨੂੰ ਪਾਉਣਾ

ਟਿਊਬ ਪਾਉਣ ਜਾਂ ਬਦਲਣ ਵੇਲੇ, ਨਾਸਾਂ ਨੂੰ ਬਦਲ-ਬਦਲ ਕੇ ਵਰਤਣ ਦੀ ਕੋਸ਼ਿਸ਼ ਕਰੋ। ਇੱਕ ਨਰਮ ਸਿਲਾਸਟਿਕ NG ਟਿਊਬ ਇੱਕ ਮਹੀਨੇ ਲਈ ਆਪਣੀ ਜਗ੍ਹਾ 'ਤੇ ਰਹਿ ਸਕਦੀ ਹੈ। ਇਸ ਨੂੰ ਹਰ ਮਹੀਨੇ ਬਦਲਣਾ ਯਾਦ ਰੱਖੋ।

ਹਰ ਵਾਰ ਜਦੋਂ ਤੁਸੀਂ NG ਟਿਊਬ ਪਾਉਂਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਹੇਠ ਲਿਖੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ:

  1. ਜੇ ਤੁਹਾਡਾ ਬੱਚਾ ਨਿਆਣਾ ਹੈ ਜਾਂ ਬਹੁਤ ਛੋਟਾ ਹੈ, ਤਾਂ ਉਨ੍ਹਾਂ ਨੂੰ ਲਿਟਾ ਦਿਓ ਅਤੇ ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਨੂੰ ਫੜਨ ਵਿੱਚ ਮਦਦ ਕਰਨ ਲਈ ਉਨ੍ਹਾਂ ਨੂੰ ਕੰਬਲ ਵਿੱਚ ਲਪੇਟ ਦਿਓ। ਵੱਡੇ ਬੱਚੇ ਕੁਰਸੀ ਜਾਂ ਬਿਸਤਰੇ 'ਤੇ ਪਿੱਠ ਦੇ ਸਹਾਰੇ ਨਾਲ ਬੈਠ ਸਕਦੇ ਹਨ, ਜਦਕਿ ਉਹਨਾਂ ਦਾ ਸਿਰ ਅਤੇ ਗਰਦਨ ਖੜ੍ਹਵੀਂ ਸਥਿਤੀ ਵਿੱਚ ਜਾਂ ਥੋੜ੍ਹਾ ਜਿਹਾ ਉੱਪਰ ਕਰਕੇ ਹੋਣਾ ਚਾਹੀਦਾ ਹੈ।
  2. ਟਿਊਬ ਦੇ ਸਿਰੇ ਨੂੰ ਪਾਣੀ ਜਾਂ ਪਾਣੀ ਵਿੱਚ ਘੁਲਣਸ਼ੀਲ ਲੁਬਰੀਕੈਂਟ (ਜਿਵੇਂ ਕਿ, K-Y ਜੈਲੀ ਜਾਂ ਮੁਕੋ) ਵਿੱਚ ਡੁਬੋਵੋ। ਇਸ ਨਾਲ ਟਿਊਬ ਨੂੰ ਪਾਉਣਾ ਸੌਖਾ ਹੋ ਜਾਵੇਗਾ। ਲੁਬਰੀਕੇਸ਼ਨ ਲਈ ਪੈਟਰੋਲੀਅਮ ਜੈਲੀ (ਉਦਾਹਰਨ ਲਈ, ਵੈਸਲੀਨ) ਦੀ ਵਰਤੋਂ ਨਾ ਕਰੋ।
  3. ਟਿਊਬ ਦੇ ਸਿਰੇ ਨੂੰ ਤੁਹਾਡੇ ਵੱਲੋਂ ਚੁਣੇ ਗਏ ਨਾਸ ਵਿੱਚ ਪਾਓ ਅਤੇ ਟਿਊਬ ਨੂੰ ਥੋੜ੍ਹਾ ਜਿਹਾ ਹੇਠਾਂ ਅਤੇ ਉਸ ਪਾਸੇ ਕੰਨ ਵੱਲ ਅੱਗੇ ਵਧਾਓ। ਟਿਊਬ ਨੂੰ ਜ਼ਬਰਦਸਤੀ ਨਾ ਧੱਕੋ।
    • ਤੁਸੀਂ ਆਪਣੇ ਬੱਚੇ ਨੂੰ ਟਿਊਬ ਪਾਉਣ ਦੌਰਾਨ ਨਿਗਲਣ ਵਿੱਚ ਮਦਦ ਕਰਨ ਲਈ ਇੱਕ ਸੂਦਰ ਦੇ ਸਕਦੇ ਹੋ। ਵੱਡੇ ਬੱਚਿਆਂ ਲਈ, ਜੇਕਰ ਉਹ ਪਾਣੀ ਪੀ ਸਕਦੇ ਹਨ, ਤਾਂ ਉਹ ਟਿਊਬ ਪਾਉਣ ਦੌਰਾਨ ਸਟ੍ਰਾਅ ਰਾਹੀਂ ਪਾਣੀ ਪੀ ਸਕਦੇ ਹਨ। ਜੇ ਉਹਨਾਂ ਨੂੰ ਪੀਣ ਦੀ ਆਗਿਆ ਨਹੀਂ ਹੈ, ਤਾਂ ਉਨ੍ਹਾਂ ਨੂੰ ਉਸ ਸਮੇਂ ਨਿਗਲਣ ਲਈ ਕਹੋ ਜਦ ਟਿਊਬ ਹੇਠਾਂ ਜਾਂਦੀ ਹੈ।
  4. ਟਿਊਬ ਨੂੰ ਉਦੋਂ ਤੱਕ ਅੱਗੇ ਵਧਾਉਣਾ ਜਾਰੀ ਰੱਖੋ ਜਦੋਂ ਤੱਕ ਮਾਰਕ ਕੀਤਾ ਸਥਾਨ ਨਾਸ ਤੱਕ ਨਹੀਂ ਪਹੁੰਚ ਜਾਂਦਾ।
    • ਜੇ ਟਿਊਬ ਤੁਹਾਡੇ ਬੱਚੇ ਦੇ ਮੂੰਹ ਵਿੱਚੋਂ ਵਾਪਸ ਆ ਜਾਂਦੀ ਹੈ, ਤਾਂ ਉਸਨੂੰ ਵਾਪਸ ਖਿੱਚੋ, ਆਪਣੇ ਬੱਚੇ ਨੂੰ ਠੀਕ ਹੋਣ ਦਿਓ। ਫਿਰ, ਦੁਬਾਰਾ ਸ਼ੁਰੂ ਕਰੋ।
    • ਹਵਾ ਮਾਰਗ (ਵਿੰਡਪਾਈਪ) ਵਿੱਚ NG ਟਿਊਬ ਦੀ ਅਚਾਨਕ ਪਲੇਸਮੈਂਟ ਲਈ ਸਾਵਧਾਨ ਰਹੋ। ਜੇ ਟਿਊਬ ਏਅਰਵੇ (ਸਾਹ ਵਾਲੇ ਰਸਤੇ) ਵਿੱਚ ਹੈ, ਤਾਂ ਤੁਹਾਡੇ ਬੱਚੇ ਦਾ ਦਮ ਘੁੱਟ ਸਕਦਾ ਹੈ, ਉਸ ਨੂੰ ਖੰਘ ਹੋ ਸਕਦੀ ਹੈ ਜਾਂ ਉਸ ਨੂੰ ਸਾਹ ਲੈਣ ਜਾਂ ਬੋਲਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ NG ਟਿਊਬ ਨੂੰ ਤੁਰੰਤ ਹਟਾ ਦਿਓ। ਆਪਣੇ ਬੱਚੇ ਨੂੰ ਆਰਾਮ ਕਰਨ ਦਿਓ ਅਤੇ ਉਸਦੇ ਬਿਹਤਰ ਮਹਿਸੂਸ ਕਰਨ ਤੋਂ ਬਾਅਦ ਦੁਬਾਰਾ ਸ਼ੁਰੂ ਕਰੋ।
  5. ਟੇਪ ਦੇ ਨਾਲ ਆਪਣੇ ਬੱਚੇ ਦੇ ਚਿਹਰੇ 'ਤੇ ਟਿਊਬ ਨੂੰ ਚਿਪਕਾਓ। ਟਿਊਬ ਨੂੰ ਮੋੜਨ ਤੋਂ ਬਚੋ।
  6. NG ਟਿਊਬ ਦੇ ਸਾਈਡ ਪੋਰਟ ਨਾਲ ਇੱਕ ਖਾਲੀ ਸਰਿੰਜ ਲਗਾਓ ਅਤੇ ਪੇਟ ਦੀ ਸਮੱਗਰੀ ਦਾ ਨਮੂਨਾ ਪ੍ਰਾਪਤ ਕਰੋ। pH ਸਟ੍ਰਿਪ ਦੀ ਵਰਤੋਂ ਕਰਕੇ ਤਰਲ ਪਦਾਰਥ ਦੇ pH ਦੀ ਜਾਂਚ ਕਰੋ।
    • pH 5.5 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ। pH ਦੀ ਜਾਂਚ ਕਰਨ ਅਤੇ ਸਮੱਸਿਆ-ਨਿਪਟਾਰਾ ਕਰਨ ਬਾਰੇ ਹੋਰ ਹਿਦਾਇਤਾਂ ਲਈ, ਹੇਠਲਾ ਭਾਗ ਵੇਖੋ।
  7. ਜੇਕਰ ਤੁਹਾਡੇ ਬੱਚੇ ਦੀ ਟਿਊਬ ਵਿੱਚ ਅੰਦਰੂਨੀ ਲੁਬਰੀਕੈਂਟ ਹੈ, ਤਾਂ ਸਾਈਡ ਪੋਰਟ ਰਾਹੀਂ ਟਿਊਬ ਨੂੰ 10 ਮਿ.ਲੀ. ਤੱਕ ਪਾਣੀ ਨਾਲ ਫਲੱਸ਼ ਕਰਕੇ ਅੰਦਰੂਨੀ ਲੁਬਰੀਕੈਂਟ ਨੂੰ ਕਿਰਿਆਸ਼ੀਲ ਕਰੋ। ਤੁਸੀਂ ਛੋਟੀਆਂ ਟਿਊਬਾਂ ਲਈ 2 ਮਿ.ਲੀ. ਪਾਣੀ ਨਾਲ ਫਲੱਸ਼ ਕਰ ਸਕਦੇ ਹੋ।
  8. ਗਾਈਡਵਾਇਰ ਨੂੰ ਖੋਲ੍ਹੋ ਅਤੇ ਇਸਨੂੰ ਹੌਲੀ ਹੌਲੀ ਹਟਾਓ। ਗਾਈਡ ਵਾਇਰ ਨੂੰ ਨਾ ਸੁੱਟੋ।
  9. ਟੇਪ ਨੂੰ ਆਪਣੇ ਬੱਚੇ ਦੇ ਚਿਹਰੇ 'ਤੇ ਦੁਬਾਰਾ ਲਗਾਓ, ਇਹ ਯਕੀਨੀ ਬਣਾਓ ਕਿ ਟੇਪ ਉਸਦੀ ਨੱਕ ਨੂੰ ਨਾ ਢੱਕੇ।

ਟਿਊਬ ਦੀ ਪਲੇਸਮੈਂਟ ਦੀ ਜਾਂਚ ਕਰੋ

ਆਪਣੇ ਬੱਚੇ ਦੀ ਟਿਊਬ ਦੀ ਪਲੇਸਮੈਂਟ ਦੀ ਜਾਂਚ ਕਰੋ:

  • ਫ਼ੀਡਾਂ, ਤਰਲ ਪਦਾਰਥਾਂ ਜਾਂ ਦਵਾਈਆਂ ਲਈ ਟਿਊਬ ਦੀ ਵਰਤੋਂ ਕਰਨ ਤੋਂ ਪਹਿਲਾਂ
  • ਜਦੋਂ ਇੱਕ ਨਵੀਂ ਟਿਊਬ ਪਾਈ ਜਾਂਦੀ ਹੈ
  • ਜਦੋਂ ਤੁਸੀਂ ਚਿੰਤਤ ਹੁੰਦੇ ਹੋ ਕਿ ਹੋ ਸਕਦਾ ਹੈ ਟਿਊਬ ਬਾਹਰ ਆ ਗਈ ਹੋਵੇ ਜਾਂ ਹਿੱਲ ਗਈ ਹੋਵੇ
  • ਜੇ ਤੁਹਾਡੇ ਬੱਚੇ ਦਾ ਦਮ ਘੁੱਟ ਰਿਹਾ ਹੈ, ਉਹ ਉਲਟੀਆਂ ਕਰ ਰਿਹਾ ਹੈ, ਖੰਘ ਰਿਹਾ ਹੈ ਜਾਂ ਉਸ ਨੂੰ ਸਾਹ ਲੈਣ ਜਾਂ ਬੋਲਣ ਵਿੱਚ ਮੁਸ਼ਕਿਲ ਹੋ ਰਹੀ ਹੈ

ਹੇਠ ਲਿਖੀ ਵਿਧੀ ਦੀ ਵਰਤੋਂ ਕਰਕੇ ਟਿਊਬ ਪਲੇਸਮੈਂਟ ਦੀ ਜਾਂਚ ਕਰੋ:

ਇੱਕ NG ਟਿਊਬ ਨਾਲ ਜੁੜੀ ਇੱਕ ਸਰਿੰਜ ਵਿੱਚ ਦੋ ਮਿਲੀਲੀਟਰ ਤਰਲ ਪਦਾਰਥ।
  1. ਖਾਲੀ ਸਰਿੰਜ ਨੂੰ ਟਿਊਬ ਨਾਲ ਜੋੜੋ ਅਤੇ ਟਿਊਬ ਨੂੰ ਸਾਫ਼ ਕਰਨ ਲਈ ਹਵਾ ਨਾਲ ਹੌਲੀ ਹੌਲੀ ਫਲੱਸ਼ ਕਰੋ। ਫਿਰ ਲਗਭਗ 2 mL ਪੇਟ ਦੀ ਸਮੱਗਰੀ ਨੂੰ ਕੱਢਣ ਲਈ ਪਲੰਜਰ ਨੂੰ ਵਾਪਸ ਖਿੱਚੋ।
pH ਟੈਸਟ ਪੇਪਰ ਅਤੇ pH ਰੰਗ ਗਾਈਡ
  1. pH ਟੈਸਟਿੰਗ ਪੇਪਰ ਨੂੰ ਪੇਟ ਦੀ ਸਮੱਗਰੀ ਨਾਲ ਗਿੱਲਾ ਕਰੋ ਅਤੇ ਕੰਟੇਨਰ 'ਤੇ ਲੇਬਲ ਨਾਲ ਰੰਗ ਦੀ ਤੁਲਨਾ ਕਰੋ। pH 5.5 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਬੱਚੇ ਦੇ ਸਿਹਤ ਸੰਭਾਲ ਪ੍ਰਦਾਨਕ ਤੋਂ ਇਹ ਵੀ ਪੁੱਛ ਸਕਦੇ ਹੋ ਕਿ ਕਿੰਨ੍ਹੇ pH ਦੀ ਉਮੀਦ ਕਰਨੀ ਹੈ।
    • ਜੇਕਰ ਤੁਹਾਡਾ ਬੱਚਾ ਪੇਟ ਦੇ ਐਸਿਡ ਨੂੰ ਦਬਾਉਣ ਵਾਲੀਆਂ ਦਵਾਈਆਂ ਲੈ ਰਿਹਾ ਹੈ ਜਾਂ ਹਾਲ ਹੀ ਵਿੱਚ ਉਸਨੂੰ ਦੁੱਧ ਪਿਲਾਇਆ ਗਿਆ ਹੈ ਤਾਂ pH 5.5 ਤੋਂ ਉੱਪਰ ਹੋ ਸਕਦਾ ਹੈ। ਜੇਕਰ ਅਜਿਹਾ ਹੈ, ਤਾਂ ਜਾਂਚ ਕਰੋ ਕਿ ਪੇਟ ਦੀ ਸਮੱਗਰੀ ਤੁਹਾਡੇ ਬੱਚੇ ਦੇ ਪੇਟ ਦੀ ਆਮ ਸਮੱਗਰੀ ਵਰਗੀ ਦਿਖਾਈ ਦਿੰਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਜਾਂ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਟਿਊਬ ਦੀ ਵਰਤੋਂ ਨਾ ਕਰੋ। NG ਟਿਊਬ ਨੂੰ ਹਟਾਓ ਅਤੇ ਦੁਬਾਰਾ ਲਗਾਓ, ਫਿਰ pH ਨਾਲ ਪਲੇਸਮੈਂਟ ਦੀ ਪੁਸ਼ਟੀ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।
    • ਜੇਕਰ pH 5.5 ਤੋਂ ਉੱਪਰ ਹੈ ਅਤੇ ਤੁਹਾਡਾ ਬੱਚਾ ਪੇਟ ਦੇ ਐਸਿਡ ਨੂੰ ਦਬਾਉਣ ਵਾਲੀਆਂ ਦਵਾਈਆਂ ਨਹੀਂ ਲੈਂਦਾ ਜਾਂ ਹਾਲ ਹੀ ਵਿੱਚ ਉਸਨੂੰ ਦੁੱਧ ਨਹੀਂ ਪਿਲਾਇਆ ਗਿਆ ਹੈ ਤਾਂ ਹੋ ਸਕਦਾ ਹੈ ਕਿ ਟਿਊਬ ਪੇਟ ਵਿੱਚ ਨਾ ਹੋਵੇ। NG ਟਿਊਬ ਦੀ ਵਰਤੋਂ ਨਾ ਕਰੋ। NG ਟਿਊਬ ਨੂੰ ਹਟਾਓ ਅਤੇ ਦੁਬਾਰਾ ਲਗਾਓ, ਫਿਰ pH ਨਾਲ ਪਲੇਸਮੈਂਟ ਦੀ ਪੁਸ਼ਟੀ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।
  1. ਜੇਕਰ ਤੁਹਾਨੂੰ pH ਟੈਸਟ ਕਰਨ ਲਈ ਪੇਟ ਦੇ ਸਮੱਗਰੀ ਨੂੰ ਵਾਪਸ ਖਿੱਚਣ ਵਿੱਚ ਔਖ ਆਉਂਦੀ ਹੈ, ਤਾਂ ਹੇਠ ਲਿਖੀਆਂ ਵਿਧੀਆਂ ਅਜ਼ਮਾਓ:
    • ਇੱਕ ਵੱਡੀ ਸਰਿੰਜ ਦੀ ਵਰਤੋਂ ਕਰੋ ਅਤੇ ਟਿਊਬ ਨੂੰ ਡਿੱਗਣ ਤੋਂ ਰੋਕਣ ਲਈ ਵਧੇਰੇ ਹੌਲੀ ਹੌਲੀ ਵਾਪਸ ਖਿੱਚੋ।
    • NG ਟਿਊਬ ਰਾਹੀਂ ਪੇਟ ਵਿੱਚ 1 ਤੋਂ ਲੈਕੇ 2 ਮਿ.ਲੀ. ਹਵਾ ਪੁਸ਼ ਕਰੋ ਅਤੇ ਸਰਿੰਜ 'ਤੇ ਹੌਲੀ ਹੌਲੀ ਵਾਪਸ ਖਿੱਚੋ।
    • ਪੇਟ ਵਿੱਚ ਟਿਊਬ ਦੀ ਸਥਿਤੀ ਨੂੰ ਹਿਲਾਉਣ ਲਈ ਆਪਣੇ ਬੱਚੇ ਨੂੰ ਕੁਝ ਮਿੰਟਾਂ ਲਈ ਉਨ੍ਹਾਂ ਦੇ ਖੱਬੇ ਪਾਸੇ ਲਿਟਾ ਕੇ ਉਸਦੀ ਪੋਜ਼ਿਸ਼ਨ ਨੂੰ ਬਦਲੋ।
    • ਜੇਕਰ ਤੁਸੀਂ ਅਜੇ ਵੀ pH ਦੀ ਜਾਂਚ ਕਰਨ ਲਈ ਪੇਟ ਦੀ ਸਮੱਗਰੀ ਤੱਕ ਪਹੁੰਚਣ ਵਿੱਚ ਅਸਮਰੱਥ ਹੋ, ਤਾਂ ਟਿਊਬ ਨੂੰ ਹਟਾਉਣ ਅਤੇ ਇਸਨੂੰ ਦੁਬਾਰਾ ਪਾਉਣ ਬਾਰੇ ਵਿਚਾਰ ਕਰੋ, ਫਿਰ ਪੇਟ ਦੀ ਸਮੱਗਰੀ ਦੀ ਜਾਂਚ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।

ਸਰੋਤ

ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਨੈਸੋਗੈਸਟ੍ਰਿਕ (NG) ਟਿਊਬ: ਆਪਣੇ ਬੱਚੇ ਨੂੰ ਫ਼ੀਡ ਕਰਨਾ ਅਤੇ ਨਾਸੋਗੈਸਟ੍ਰਿਕ (NG) ਟਿਊਬ ਫ਼ੀਡਿੰਗ:ਆਮ ਸਮੱਸਿਆਵਾਂ ਵੇਖੋ।

Last updated: 七月 28 2025