'ਮਾਂ' ਅਤੇ 'ਮਾਂ ਦਾ ਦੁੱਧ ਚੁੰਘਾਉਣਾ' ਸ਼ਬਦ ਸਾਡੇ ਸਾਰੇ ਦਸਤਾਵੇਜ਼ਾਂ ਵਿੱਚ ਵਰਤੇ ਜਾਂਦੇ ਹਨ; ਅਸੀਂ ਮੰਨਦੇ ਹਾਂ ਅਤੇ ਆਦਰ ਕਰਦੇ ਹਾਂ ਕਿ ਵਿਅਕਤੀ ਅਤੇ ਪਰਿਵਾਰ ਹੋਰ ਤਰਜੀਹੀ ਸ਼ਬਦਾਵਲੀ ਦੀ ਵਰਤੋਂ ਕਰ ਸਕਦੇ ਹਨ।
ਮਾਂ ਦਾ ਦੁੱਧ ਜ਼ਿਆਦਾਤਰ ਬੱਚਿਆਂ ਲਈ ਸੰਪੂਰਨ ਭੋਜਨ ਹੁੰਦਾ ਹੈ। ਕੈਨੇਡੀਅਨ ਪੀਡੀਐਟ੍ਰਿਕ ਸੋਸਾਇਟੀ ਅਤੇ ਵਿਸ਼ਵ ਸਿਹਤ ਸੰਗਠਨ ਜੀਵਨ ਦੇ ਪਹਿਲੇ ਛੇ ਮਹੀਨਿਆਂ ਲਈ ਵਿਸ਼ੇਸ਼ ਤੌਰ 'ਤੇ ਮਾਂ ਦਾ ਦੁੱਧ ਚੁੰਘਾਉਣ ਦਾ ਜ਼ੋਰਦਾਰ ਸਮਰਥਨ ਕਰਦੇ ਹਨ। ਫਿਰ ਮਾਂ ਦਾ ਦੁੱਧ ਚੁੰਘਾਉਣਾ ਉਦੋਂ ਤੱਕ ਜਾਰੀ ਰੱਖਿਆ ਜਾ ਸਕਦਾ ਹੈ ਜਦੋਂ ਤੱਕ ਤੁਹਾਡਾ ਬੱਚਾ ਦੋ ਸਾਲ ਜਾਂ ਇਸ ਤੋਂ ਵੱਡਾ ਨਹੀਂ ਹੋ ਜਾਂਦਾ, ਜਿਸ ਵਿੱਚ ਛੇ ਮਹੀਨਿਆਂ ਦੀ ਉਮਰ ਤੋਂ ਸ਼ੁਰੂ ਹੋਣ ਵਾਲੇ ਪੂਰਕ ਠੋਸ ਭੋਜਨ ਸ਼ਾਮਲ ਕੀਤੇ ਜਾਂਦੇ ਹਨ।
ਮਾਂ ਦਾ ਦੁੱਧ ਚੁੰਘਾਉਣਾ ਅਤੇ ਮਾਂ ਦਾ ਦੁੱਧ ਪ੍ਰਦਾਨ ਕਰਨਾ ਤੁਹਾਡੇ ਬੱਚੇ ਲਈ ਮਹੱਤਵਪੂਰਨ ਕਿਉਂ ਹੁੰਦਾ ਹੈ?
ਤੁਹਾਡੀ ਛਾਤੀ ਦੇ ਦੁੱਧ ਵਿੱਚ ਤੁਹਾਡੇ ਬੱਚੇ ਲਈ ਸਹੀ ਪੋਸ਼ਣ ਸੰਤੁਲਨ ਹੁੰਦਾ ਹੈ ਅਤੇ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਇਹ ਤੁਹਾਡੇ ਬੱਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਦਲਦਾ ਰਹਿੰਦਾ ਹੈ। ਤੁਹਾਡੇ ਬੱਚੇ ਵਾਸਤੇ ਮਾਂ ਦੇ ਦੁੱਧ ਦੇ ਕੁਝ ਲਾਭਾਂ ਵਿੱਚ ਸ਼ਾਮਲ ਹਨ:
- ਲਾਗ ਤੋਂ ਬਚਾਉਣ ਲਈ ਐਂਟੀਬਾਡੀਜ਼ (antibodies) ਪ੍ਰਦਾਨ ਕਰਨਾ
- ਦਿਮਾਗ, ਅੱਖ ਅਤੇ ਅੰਤੜੀਆਂ ਦੇ ਵਿਕਾਸ ਲਈ ਵਿਕਾਸ ਕਾਰਕ ਪ੍ਰਦਾਨ ਕਰਨਾ
- ਬਿਮਾਰੀਆਂ ਦੀ ਗਿਣਤੀ ਨੂੰ ਘਟਾਉਣਾ, ਜਿਵੇਂ ਕਿ ਕੰਨ, ਛਾਤੀ ਅਤੇ ਪੇਟ ਦੀਆਂ ਲਾਗਾਂ
- ਐਲਰਜੀ ਨੂੰ ਘਟਾਉਣਾ
- ਮੋਟਾਪੇ ਅਤੇ ਵਧੇਰੇ ਭਾਰ ਹੋਣ ਦੇ ਜੋਖ਼ਮ ਨੂੰ ਘਟਾਉਣਾ
- ਬਚਪਨ ਦੇ ਕੁਝ ਕੈਂਸਰਾਂ ਦੇ ਜੋਖ਼ਮ ਨੂੰ ਘਟਾਉਣਾ
- ਅਚਾਨਕ ਬਾਲ ਮੌਤ ਸਿੰਡਰੋਮ (SIDS) ਦੇ ਜੋਖ਼ਮ ਨੂੰ ਘਟਾਉਣਾ
ਉਹਨਾਂ ਮਾਵਾਂ ਲਈ ਵੀ ਲਾਭ ਹਨ ਜੋ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ। ਇਹਨਾਂ ਵਿੱਚੋਂ ਕੁਝ ਲਾਭਾਂ ਵਿੱਚ ਸ਼ਾਮਲ ਹਨ:
- ਦੁੱਧ ਚੁੰਘਾਉਣ ਦੌਰਾਨ ਅਜਿਹੇ ਹਾਰਮੋਨ ਪੈਦਾ ਕਰਨਾ ਜੋ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ
- ਆਪਣੇ ਬੱਚੇ ਦੀ ਦੇਖਭਾਲ ਕਰਨ ਵਿੱਚ ਵਿਸ਼ਵਾਸ ਪੈਦਾ ਕਰਨਾ
- ਕਿਸਮ 2 ਡਾਇਬਿਟੀਜ਼ ਦੇ ਜੋਖ਼ਮ ਨੂੰ ਘਟਾਉਣਾ
- ਓਸਟੀਓਪੋਰੋਸਿਸ ਦੇ ਖ਼ਤਰੇ ਨੂੰ ਘਟਾਉਣਾ
- ਛਾਤੀ ਅਤੇ ਅੰਡਕੋਸ਼ ਦੇ ਕੈਂਸਰ ਦੇ ਜੋਖ਼ਮ ਨੂੰ ਘਟਾਉਣਾ
- ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਦੁੱਧ ਪਿਲਾਉਣਾ ਜੋ ਸੁਤੰਤਰ, ਸੁਵਿਧਾਜਨਕ ਅਤੇ ਵਾਤਾਵਰਣ ਅਨੁਕੂਲ ਹੋਵੇ
ਤੁਹਾਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ?
ਆਪਣੇ ਬੱਚੇ ਨੂੰ ਉਸਦੇ ਜਨਮ ਤੋਂ ਬਾਅਦ ਪਹਿਲੇ ਘੰਟੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰੋ। ਜੇ ਤੁਹਾਡਾ ਨਵਜੰਮਿਆ ਬੱਚਾ ਸਥਿਰ ਹੈ, ਅਤੇ ਜਣੇਪੇ ਦੀਆਂ ਕੋਈ ਉਲਝਣਾਂ ਨਹੀਂ ਹਨ, ਤਾਂ ਉਹਨਾਂ ਨੂੰ ਪਹਿਲੀ ਖੁਰਾਕ ਦੇ ਪੂਰਾ ਹੋਣ ਤੱਕ, ਇੱਕ ਘੰਟੇ ਤੱਕ ਚਮੜੀ ਨਾਲ ਚਮੜੀ ਲਗਾਕੇ ਰੱਖਿਆ ਜਾਣਾ ਚਾਹੀਦਾ ਹੈ। ਜਲਦੀ ਹੀ, ਉਹ ਡੂੰਘੀ ਨੀਂਦ ਵਿੱਚ ਜਾ ਸਕਦੇ ਹਨ। ਆਮ ਤੌਰ 'ਤੇ, ਕੁਝ ਘੰਟਿਆਂ ਬਾਅਦ, ਉਹ ਆਪਣੀ ਅਗਲੀ ਫੀਡ ਲਈ ਜਾਗ ਜਾਣਗੇ।
ਤੁਹਾਨੂੰ ਆਪਣੇ ਬੱਚੇ ਨੂੰ ਕਿੰਨੀ ਵਾਰ ਦੁੱਧ ਪਿਲਾਉਣਾ ਚਾਹੀਦਾ ਹੈ?
ਤੁਹਾਡਾ ਨਵਜੰਮੇ ਬੱਚਾ 24 ਘੰਟਿਆਂ ਵਿੱਚ ਔਸਤਨ ਅੱਠ ਤੋਂ 12 ਵਾਰ ਦੁੱਧ ਪੀਵੇਗਾ। ਬੱਚਿਆਂ ਲਈ ਹਰ ਇੱਕ ਤੋਂ ਤਿੰਨ ਘੰਟਿਆਂ ਵਿੱਚ ਮਾਂ ਦਾ ਦੁੱਧ ਚੁੰਘਣਾ ਆਮ ਗੱਲ ਹੈ, 24 ਘੰਟਿਆਂ ਵਿੱਚ ਔਸਤਨ ਅੱਠ ਤੋਂ 12 ਵਾਰ। ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਅਕਸਰ ਤੁਹਾਡੀਆਂ ਛਾਤੀਆਂ ਨੂੰ ਵਧੇਰੇ ਦੁੱਧ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਤੁਹਾਡੇ ਬੱਚੇ ਨੂੰ ਵਧਣ ਵਿੱਚ ਮਦਦ ਕਰਦਾ ਹੈ।
ਫੀਡਿੰਗ ਦੇ ਸੰਕੇਤ ਕੀ ਹਨ?
ਆਪਣੇ ਬੱਚੇ ਦੇ ਵਿਵਹਾਰ 'ਤੇ ਧਿਆਨ ਦੇਕੇ, ਤੁਸੀਂ ਸੰਕੇਤਾਂ ਨੂੰ ਵੇਖੋਗੇ ਜੋ ਤੁਹਾਨੂੰ ਦੱਸਣਗੇ ਕਿ ਉਹ ਕਦੋਂ ਭੁੱਖੇ ਹਨ।
ਸ਼ੁਰੂਆਤੀ ਸੰਕੇਤਾਂ ਵਿੱਚ ਸ਼ਾਮਲ ਹਨ:
- ਨੀਂਦ ਦੌਰਾਨ ਅੱਖਾਂ ਦੀਆਂ ਹਿਲਜੁਲਾਂ, ਤੇਜ਼ ਹਰਕਤਾਂ
- ਚੂਸਣ ਦੀਆਂ ਆਵਾਜ਼ਾਂ, ਨਰਮ ਚੀਕਾਂ ਜਾਂ ਸਾਹ ਲੈਣਾ
- ਮੂੰਹ ਖੋਲ੍ਹਣਾ
- ਹੱਥ ਤੋਂ ਮੂੰਹ ਤੱਕ ਜਾਂ ਚੂਸਣ/ਚੱਟਣ ਦੀਆਂ ਹਰਕਤਾਂ
- ਰੂਟਿੰਗ
ਲੇਟ ਸੰਕੇਤਾਂ ਵਿੱਚ ਸ਼ਾਮਲ ਹਨ:
- ਉਲਝਣ
- ਥਕਾਵਟ ਜਿਸ ਨਾਲ ਨੀਂਦ ਆਉਂਦੀ ਹੈ
- ਰੋਣਾ
ਜਦੋਂ ਵੀ ਤੁਹਾਡਾ ਬੱਚਾ ਜਾਗਣ ਜਾਂ ਭੁੱਖ ਲੱਗਣ ਦੇ ਸੰਕੇਤ ਦਿਖਾਉਂਦਾ ਹੈ, ਤਾਂ ਤੁਹਾਨੂੰ ਉਹਨਾਂ ਨੂੰ ਆਪਣੀ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨੂੰ ਮੰਗ ਕਰਨ 'ਤੇ ਦੁੱਧ ਪਿਲਾਉਣਾ (feeding on demand) ਕਿਹਾ ਜਾਂਦਾ ਹੈ। ਜਦੋਂ ਤੁਹਾਡਾ ਬੱਚਾ ਨੀਂਦ ਤੋਂ ਹਿੱਲਣਾ ਸ਼ੁਰੂ ਕਰਦਾ ਹੈ ਤਾਂ ਉਸਨੂੰ ਛਾਤੀ 'ਤੇ ਲਾਉਣ ਦੀ ਕੋਸ਼ਿਸ਼ ਕਰੋ। ਸ਼ਾਂਤ ਬੱਚੇ ਨੂੰ ਛਾਤੀ ਨਾਲ ਲਾਉਣਾ ਸੌਖਾ ਹੈ। ਜੇ ਬੱਚਾ ਰੋ ਰਿਹਾ ਹੋਵੇ, ਤਾਂ ਆਪਣੇ ਬੱਚੇ ਨੂੰ ਸ਼ਾਂਤ ਕਰਨ ਲਈ ਸਮਾਂ ਲਓ। ਜਦੋਂ ਬੱਚੇ ਚਮੜੀ ਨਾਲ ਚਮੜੀ ਜੋੜਕੇ ਰੱਖੇ ਜਾਂਦੇ ਹਨ ਤਾਂ ਬੱਚੇ ਚੰਗੀ ਤਰ੍ਹਾਂ ਸਥਿਰ ਹੋ ਜਾਂਦੇ ਹਨ। ਇੱਕ ਵਾਰ ਸ਼ਾਂਤ ਹੋਣ ਤੋਂ ਬਾਅਦ, ਆਪਣੇ ਬੱਚੇ ਨੂੰ ਦੁਬਾਰਾ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰੋ।
ਕਿਹੜੀ ਛਾਤੀ ਤੋਂ ਦੁੱਧ ਪਿਲਾਉਣਾ ਹੈ
ਹਰ ਵਾਰ ਛਾਤੀ ਬਦਲ-ਬਦਲ ਕੇ ਦੁੱਧ ਪਿਲਾਉਣਾ ਸ਼ੁਰੂ ਕਰੋ। ਆਪਣੇ ਬੱਚੇ ਨੂੰ ਪਹਿਲੀ ਛਾਤੀ ਤੋਂ ਉਦੋਂ ਤੱਕ ਦੁੱਧ ਪੀਣ ਦਿਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਚੂਸ ਰਹੇ ਹਨ ਅਤੇ ਨਿਗਲ ਰਹੇ ਹਨ। ਜਦੋਂ ਤੁਹਾਡਾ ਬੱਚਾ ਹੁਣ ਨਿਗਲ ਨਹੀਂ ਰਿਹਾ ਹੁੰਦਾ ਅਤੇ/ਜਾਂ ਸੌਂ ਗਿਆ ਹੋਵੇ, ਤਾਂ ਬੱਚੇ ਦੀ ਗੱਲ੍ਹ ਜਾਂ ਸਰੀਰ 'ਤੇ ਥਪਕੀ ਦੇ ਕੇ, ਜਾਂ ਬੱਚੇ ਨੂੰ ਡਕਾਰ ਦੁਆ ਕੇ ਦੁੱਧ ਪੀਂਦੇ ਰਹਿਣ ਲਈ ਉਤਸ਼ਾਹਤ ਕਰੋ। ਫਿਰ ਜੇ ਬੱਚਾ ਉੱਠਦਾ ਹੈ ਤਾਂ ਦੂਜੀ ਛਾਤੀ ਦੀ ਪੇਸ਼ਕਸ਼ ਕਰੋ। ਤੁਹਾਡੇ ਬੱਚੇ ਨੂੰ ਦੋਵੇਂ ਛਾਤੀਆਂ ਤੋਂ ਦੁੱਧ ਪਿਆਉਣਾ ਤੁਹਾਡੀ ਦੁੱਧ ਦੀ ਸਪਲਾਈ ਸਥਾਪਤ ਕਰਨ ਵਿੱਚ ਮਦਦ ਕਰੇਗਾ। ਇੱਕ ਵਾਰ ਮਾਂ ਦਾ ਦੁੱਧ ਚੁੰਘਾਉਣ ਦੀ ਸਥਾਪਨਾ ਹੋਣ ਤੋਂ ਬਾਅਦ, ਹੋ ਸਕਦਾ ਹੈ ਤੁਹਾਡਾ ਬੱਚਾ ਹਮੇਸ਼ਾਂ ਹਰੇਕ ਫੀਡ 'ਤੇ ਦੋਵੇਂ ਛਾਤੀਆਂ ਵਿੱਚੋਂ ਦੁੱਧ ਨਾ ਪੀਵੇ; ਅਤੇ ਪ੍ਰਤੀ ਫੀਡ ਦੇ ਸਮੇਂ ਦੀ ਲੰਬਾਈ ਮੁਕਾਬਲਤਨ ਘੱਟ ਹੋ ਸਕਦੀ ਹੈ।
"ਦੁੱਧ ਉੱਤਰਨਾ" ਕੀ ਹੁੰਦਾ ਹੈ?
ਤੁਹਾਡੇ ਧਿਆਨ ਵਿੱਚ ਇਹ ਆ ਸਕਦਾ ਹੈ ਕਿ ਜਦੋਂ ਤੁਸੀਂ ਆਪਣੇ ਬੱਚੇ ਬਾਰੇ ਸੋਚਦੇ ਹੋ ਜਾਂ ਉਹਨਾਂ ਨੂੰ ਰੋਦੇ ਸੁਣਦੇ ਹੋ ਤਾਂ ਤੁਹਾਡੀਆਂ ਛਾਤੀਆਂ ਵਿੱਚ ਝਰਨਾਹਟ ਫਿਰ ਜਾਂਦੀ ਹੈ ਜਾਂ ਦੁੱਧ ਰਿਸਣ ਲਗਦਾ ਹੈ। ਇਸ ਨੂੰ ਦੁੱਧ ਉੱਤਰਨ ਦੀ ਪ੍ਰਤੀਕਿਰਿਆ (ਇਜੈਕਸ਼ਨ ਰਿਫਲੈਕਸ) ਜਾਂ ਲੈੱਟ-ਡਾਊਨ (let-down) ਕਿਹਾ ਜਾਂਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਾਰੀਆਂ ਮਾਵਾਂ ਇਹਨਾਂ ਸੰਵੇਦਨਾਵਾਂ ਨੂੰ ਮਹਿਸੂਸ ਨਹੀਂ ਕਰਦੀਆਂ।
ਦੁੱਧ ਚੁੰਘਾਉਣ ਵਿੱਚ ਆਤਮ-ਵਿਸ਼ਵਾਸ ਮਹਿਸੂਸ ਕਰਨ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ?
ਤੁਸੀਂ ਅਤੇ ਤੁਹਾਡਾ ਬੱਚਾ ਦੋਵੇਂ ਮਿਲ ਕੇ ਇਸ ਨਵੇਂ ਹੁਨਰ ਨੂੰ ਸਿੱਖ ਰਹੇ ਹੋ। ਤੁਹਾਨੂੰ ਦੁੱਧ ਚੁੰਘਾਉਣਾ ਸਥਾਪਤ ਕਰਨ ਲਈ ਚਾਰ ਤੋਂ ਅੱਠ ਹਫ਼ਤੇ ਲੱਗ ਸਕਦੇ ਹਨ। ਜੇ ਤੁਹਾਨੂੰ ਸਮੱਸਿਆਵਾਂ ਹਨ ਜਾਂ ਤੁਹਾਡੇ ਕੋਈ ਸਵਾਲ ਜਾਂ ਸ਼ੰਕੇ ਹਨ ਤਾਂ ਜਲਦੀ ਹੀ ਕਿਸੇ ਦੁੱਧ ਚੁੰਘਾਉਣ ਵਾਲੇ ਸਲਾਹਕਾਰ ਤੋਂ ਸਹਾਇਤਾ ਲਓ।
ਦੁੱਧ ਚੁੰਘਾਉਣ ਦੀਆਂ ਪੋਜੀਸ਼ਨਾਂ
ਇੱਥੇ ਕੁਝ ਲਾਭਦਾਇਕ ਪੋਜੀਸ਼ਨਾਂ ਦੱਸੀਆਂ ਗਈਆਂ ਹਨ ਜੋ ਤੁਸੀਂ ਦੁੱਧ ਚੁੰਘਾਉਣ ਵੇਲੇ ਅਜ਼ਮਾਉਣਾ ਚਾਹ ਸਕਦੇ ਹੋ: ਕਰਾਸ-ਕ੍ਰੈਡਲ ਪੋਜੀਸ਼ਨ, ਫੁੱਟਬਾਲ ਪੋਜੀਸ਼ਨ, ਪੰਘੂੜਾ ਪੋਜੀਸ਼ਨ ਅਤੇ ਪਾਸੇ ਪਰਨੇ ਲੇਟਣ ਦੀ ਪੋਜੀਸ਼ਨ।
ਕਰਾਸ-ਕ੍ਰੈਡਲ ਪੋਜੀਸ਼ਨ

ਇਸ ਪੋਜੀਸ਼ਨ ਵਿੱਚ, ਤੁਹਾਡਾ ਬੱਚਾ ਪੂਰੀ ਤਰ੍ਹਾਂ ਆਪਣੇ ਪਾਸੇ ਪਰਨੇ ਲੇਟਿਆ ਹੁੰਦਾ ਹੈ, ਤੁਹਾਡੇ ਸਾਹਮਣੇ, ਪੇਟ ਤੋਂ ਪੇਟ ਤੱਕ। ਜੇ ਤੁਸੀਂ ਖੱਬੀ ਛਾਤੀ ਤੋਂ ਦੁੱਧ ਪਿਲਾ ਰਹੇ ਹੋ, ਤਾਂ ਬੱਚੇ ਦੀ ਗਰਦਨ ਅਤੇ ਮੋਢਿਆਂ ਨੂੰ ਸਹਾਰਾ ਦੇਣ ਲਈ ਆਪਣੇ ਸੱਜੇ ਹੱਥ ਦੀ ਵਰਤੋਂ ਕਰੋ। ਪਹਿਲੀ ਵਾਰ ਮਾਂ ਦਾ ਦੁੱਧ ਚੁੰਘਾਉਣਾ ਸਿੱਖਦੇ ਸਮੇਂ, ਜਾਂ ਜੇ ਤੁਹਾਡਾ ਬੱਚਾ ਛੋਟਾ ਹੈ ਓਦੋਂ ਇਹ ਪੋਜੀਸ਼ਨ ਚੰਗੀ ਤਰ੍ਹਾਂ ਕੰਮ ਕਰਦੀ ਹੈ।
ਫੁੱਟਬਾਲ ਪੋਜੀਸ਼ਨ

ਇਸ ਸਥਿਤੀ ਵਿੱਚ, ਤੁਹਾਡਾ ਬੱਚਾ ਆਪਣੀ ਪਿੱਠ ਜਾਂ ਪਾਸੇ ਪਰਨੇ ਲੇਟ ਜਾਂਦਾ ਹੈ ਅਤੇ ਤੁਹਾਡੀ ਛਾਤੀ ਦੇ ਉਸੇ ਪਾਸੇ ਹੱਥ ਦੁਆਰਾ ਉਸਨੂੰ ਸਹਾਰਾ ਦਿੱਤਾ ਜਾਂਦਾ ਹੈ। ਛਾਤੀ ਨੂੰ ਉਲਟ ਹੱਥ ਨਾਲ ਫੜਿਆ ਜਾਂਦਾ ਹੈ। ਫੁੱਟਬਾਲ ਦੀ ਸਥਿਤੀ ਚੰਗੀ ਤਰ੍ਹਾਂ ਕੰਮ ਕਰਦੀ ਹੈ ਜਦੋਂ ਤੁਸੀਂ ਮਾਂ ਦਾ ਦੁੱਧ ਚੁੰਘਾਉਣਾ ਸਿੱਖ ਰਹੇ ਹੁੰਦੇ ਹੋ, ਜਾਂ ਜੇ ਤੁਹਾਡਾ ਬੱਚਾ ਛੋਟਾ ਹੁੰਦਾ ਹੈ। ਇਹ ਵੀ ਇੱਕ ਚੰਗੀ ਸਥਿਤੀ ਹੈ ਜੇ ਤੁਹਾਡੀਆਂ ਛਾਤੀਆਂ ਵੱਡੀਆਂ ਹਨ ਜਾਂ ਜੇ ਤੁਹਾਡਾ ਸਿਜ਼ੇਰੀਅਨ ਤਰੀਕੇ ਨਾਲ ਜਨਮ ਹੋਇਆ ਹੈ ਅਤੇ ਬੱਚੇ ਨੂੰ ਤੁਹਾਡੇ ਪੇਟ 'ਤੇ ਨਹੀਂ ਰੱਖਿਆ ਜਾ ਸਕਦਾ। ਫੁੱਟਬਾਲ ਹੋਲਡ ਇੱਕੋ ਸਮੇਂ ਜੁੜਵਾਂ ਬੱਚਿਆਂ ਨੂੰ ਮਾਂ ਦਾ ਦੁੱਧ ਚੁੰਘਾਉਣ ਦਾ ਸਭ ਤੋਂ ਆਸਾਨ ਤਰੀਕਾ ਵੀ ਹੈ।
ਪੰਘੂੜਾ ਪੋਜੀਸ਼ਨ

ਪੰਘੂੜਾ ਪੋਜੀਸ਼ਨ ਵਿੱਚ, ਤੁਹਾਡੇ ਬੱਚੇ ਦਾ ਸਿਰ ਤੁਹਾਡੀ ਬਾਂਹ ਵਿੱਚ ਉਸੇ ਪਾਸੇ ਕਲਾਵੇ ਵਿੱਚ ਲਿਆ ਜਾਂਦਾ ਹੈ ਜਿਸ ਪਾਸੇ ਤੁਹਾਡੀ ਛਾਤੀ ਹੁੰਦੀ ਹੈ। ਤੁਹਾਡੇ ਬੱਚੇ ਨੂੰ ਤੁਹਾਡੇ ਵੱਲ ਮੋੜਿਆ ਜਾਣਾ ਚਾਹੀਦਾ ਹੈ, ਪੇਟ ਤੋਂ ਪੇਟ ਤੱਕ, ਤਾਂ ਜੋ ਉਹਨਾਂ ਨੂੰ ਤੁਹਾਡੀ ਛਾਤੀ ਤੱਕ ਪਹੁੰਚਣ ਲਈ ਆਪਣਾ ਸਿਰ ਨਾ ਮੋੜਨਾ ਪਵੇ।
ਪਾਸੇ ਪਰਨੇ ਲੇਟਣ ਦੀ ਪੋਜੀਸ਼ਨ

ਪਾਸੇ ਪਰਨੇ ਲੇਟਣ ਦੀ ਪੋਜੀਸ਼ਨ ਵਿੱਚ, ਤੁਸੀਂ ਅਤੇ ਤੁਹਾਡਾ ਬੱਚਾ ਇੱਕ ਦੂਜੇ ਦੇ ਸਾਮ੍ਹਣੇ ਆਪਣੇ ਪਾਸੇ ਪਰਨੇ ਲੇਟੇ ਹੋਏ ਹੁੰਦੇ ਹੋ। ਤੁਹਾਡੇ ਬੱਚੇ ਦਾ ਸਿਰ ਤੁਹਾਡੀ ਛਾਤੀ ਦੇ ਪੱਧਰ 'ਤੇ ਹੋਣਾ ਚਾਹੀਦਾ ਹੈ। ਇਹ ਇੱਕ ਚੰਗੀ ਸਥਿਤੀ ਹੈ ਜੇ ਤੁਹਾਨੂੰ ਬੈਠਣਾ ਬੜਾ ਕਸ਼ਟਦਾਇਕ ਹੈ, ਵੱਡੀਆਂ ਛਾਤੀਆਂ ਹਨ ਜਾਂ ਜੇ ਤੁਹਾਡਾ ਸਿਜ਼ੇਰੀਅਨ ਸੈਕਸ਼ਨ ਹੋਇਆ ਹੈ।
ਇੱਥੇ ਬਹੁਤ ਸਾਰੀਆਂ ਵੱਖ-ਵੱਖ ਸਥਿਤੀਆਂ ਹਨ। ਇੱਕ ਚੰਗੀ ਸਥਿਤੀ ਉਹ ਹੁੰਦੀ ਹੈ ਜੋ ਤੁਹਾਨੂੰ ਆਰਾਮਦਾਇਕ ਲੱਗਦੀ ਹੈ ਅਤੇ ਜੋ ਚੰਗੀ ਤਰ੍ਹਾਂ ਦੁੱਧ ਦੀ ਪਕੜ ਅਤੇ ਆਸਾਨੀ ਨਾਲ ਨਿਗਲਣ ਦੀ ਆਗਿਆ ਦਿੰਦੀ ਹੈ।
ਬੱਚੇ ਨੂੰ ਛਾਤੀ ਨਾਲ ਲਾਉਣਾ (latching on)
ਸਫਲਤਾਪੂਰਵਕ ਮਾਂ ਦਾ ਦੁੱਧ ਚੁੰਘਾਉਣ ਲਈ ਇੱਕ ਪ੍ਰਭਾਵਸ਼ਾਲੀ, ਆਰਾਮਦਾਇਕ ਜੁੜਾਵ ਬਹੁਤ ਮਹੱਤਵਪੂਰਨ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਬੱਚੇ ਨੂੰ ਲੋੜੀਂਦਾ ਦੁੱਧ ਮਿਲਦਾ ਹੈ ਅਤੇ ਮਾਂ ਦਾ ਦੁੱਧ ਚੁੰਘਾਉਣਾ ਦਰਦਨਾਕ ਨਹੀਂ ਹੁੰਦਾ।
ਸਹੀ ਜੁੜਾਵ (latching)

ਇੱਕ ਵਾਰ ਜਦੋਂ ਤੁਸੀਂ ਆਪਣੇ ਬੱਚੇ ਨੂੰ ਆਪਣੀ ਪਸੰਦੀਦਾ ਪੋਜੀਸ਼ਨ ਵਿੱਚ ਫੜ ਲੈਂਦੇ ਹੋ, ਤਾਂ ਤੁਹਾਡੇ ਬੱਚੇ ਦੀ ਨੱਕ ਤੁਹਾਡੇ ਨਿਪਲ ਦੇ ਸਾਹਮਣੇ ਹੋਣੀ ਚਾਹੀਦੀ ਹੈ। ਆਪਣੇ ਬੱਚੇ ਨੂੰ ਛਾਤੀ ਤੱਕ ਲਿਆਓ ਅਤੇ ਉਹਨਾਂ ਦੇ ਸਿਰ ਨੂੰ ਪਿੱਛੇ ਝੁਕਾ ਕੇ, ਉਹਨਾਂ ਦੀ ਠੋਡੀ ਨੂੰ ਪਹਿਲਾਂ ਛਾਤੀ ਤੱਕ ਲਿਆਓ।

ਜੇ ਤੁਹਾਡਾ ਬੱਚਾ ਆਪਣਾ ਮੂੰਹ ਨਹੀਂ ਖੋਲ੍ਹ ਰਿਹਾ ਹੈ, ਤਾਂ ਆਪਣੇ ਬੱਚੇ ਦੇ ਬੁੱਲ੍ਹ ਨੂੰ ਆਪਣੇ ਨਿਪਲ ਦੀ ਨੋਕ ਨਾਲ ਹਲਕੇ ਢੰਗ ਨਾਲ ਸਟ੍ਰੋਕ ਕਰੋ। ਸਬਰ ਰੱਖੋ। ਛਾਤੀ ਤੱਕ ਲਿਆਕੇ ਨਿੱਪਲ ਨਾਲ ਮੂੰਹ ਜੋੜਨ ਤੋਂ ਪਹਿਲਾਂ ਚੌੜੇ, ਖੁੱਲ੍ਹੇ ਮੂੰਹ ਦੀ ਉਡੀਕ ਕਰੋ (ਜਿਵੇਂ ਕਿ ਤੁਹਾਡਾ ਬੱਚਾ ਉਬਾਸੀ ਲੈ ਰਿਹਾ ਹੋਵੇ)।

ਜਦੋਂ ਤੁਹਾਡਾ ਬੱਚਾ ਆਪਣਾ ਮੂੰਹ ਚੌੜਾ ਕਰਕੇ ਖੋਲ੍ਹਦਾ ਹੈ, ਤਾਂ ਉਹਨਾਂ ਨੂੰ ਤੇਜ਼ੀ ਨਾਲ ਆਪਣੀ ਛਾਤੀ ਵੱਲ ਲਿਆਓ ਅਤੇ ਤੁਹਾਡਾ ਨਿਪਲ ਉਹਨਾਂ ਦੇ ਮੂੰਹ ਦੇ ਉੱਪਰਲੇ ਪਾਸੇ ਵੱਲ ਸੰਕੇਤ ਕਰਦਾ ਹੋਵੇ। ਤੁਹਾਡੇ ਬੱਚੇ ਦਾ ਸਿਰ ਥੋੜ੍ਹਾ ਜਿਹਾ ਪਿੱਛੇ ਝੁਕਿਆ ਹੋਣਾ ਚਾਹੀਦਾ ਹੈ, ਜਿਸ ਵਿੱਚ ਉਹਨਾਂ ਦੀ ਠੋਡੀ ਛਾਤੀ ਵਿੱਚ ਦਬਾਈ ਹੋਣੀ ਚਾਹੀਦੀ ਹੈ। ਜਦੋਂ ਬੱਚਾ ਮੂੰਹ ਵਿੱਚ ਨਿਪਲ ਪਾ ਲੈਂਦਾ ਹੈ, ਤਾਂ ਤੁਹਾਡੇ ਬੱਚੇ ਦਾ ਮੂੰਹ ਖੁੱਲ੍ਹਾ ਰਹਿਣਾ ਚਾਹੀਦਾ ਹੈ ਅਤੇ ਬੁੱਲ੍ਹ ਬਾਹਰ ਨੂੰ ਨਿਕਲੇ ਹੋਣੇ ਚਾਹੀਦੇ ਹਨ।
ਜਦੋਂ ਤੁਹਾਡਾ ਬੱਚਾ ਤੁਹਾਡੀ ਛਾਤੀ ਮੂੰਹ ਵਿੱਚ ਪਾਉਂਦਾ ਹੈ ਜੇ ਉਸ ਸਮੇਂ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ, ਤਾਂ ਆਪਣੇ ਬੱਚੇ ਦੀ ਠੋਡੀ ਨੂੰ ਆਪਣੀ ਉਂਗਲ ਨਾਲ ਹੌਲੀ-ਹੌਲੀ ਹੇਠਾਂ ਦਬਾਓ ਤਾਂ ਜੋ ਉਹਨਾਂ ਦਾ ਮੂੰਹ ਚੌੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਸਕੇ ਜਦੋਂ ਉਹ ਅਜੇ ਵੀ ਛਾਤੀ ਨਾਲ ਜੁੜੇ ਹੁੰਦੇ ਹਨ। ਜੇ ਇਸ ਨਾਲ ਦਰਦ ਤੋਂ ਰਾਹਤ ਨਹੀਂ ਮਿਲਦੀ, ਤਾਂ ਚੂਸਣ ਦੀ ਕਿਰਿਆ ਨੂੰ ਤੋੜਨ ਲਈ ਆਪਣੀ ਉਂਗਲ ਨੂੰ ਉਹਨਾਂ ਦੇ ਮੂੰਹ ਦੇ ਕੋਨੇ ਵਿੱਚ ਪਾ ਕੇ ਬੱਚੇ ਨੂੰ ਵੱਖ ਕਰੋ, ਅਤੇ ਦੁਬਾਰਾ ਛਾਤੀ ਉਹਨਾਂ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰੋ।
ਵਧੀਕ ਜਾਣਕਾਰੀ ਵਾਸਤੇ, ਕਿਰਪਾ ਕਰਕੇ SickKids ਵੈੱਬਸਾਈਟ 'ਤੇ ਸਾਡੇ ਪੋਜੀਸ਼ਨ ਅਤੇ ਲੈਚ ਵੀਡੀਓ ਨੂੰ ਦੇਖੋ: http://www.sickkids.ca/breastfeeding-program/videos/index.html.
ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਬੱਚੇ ਨੂੰ ਲੋੜੀਂਦਾ ਦੁੱਧ ਮਿਲ ਰਿਹਾ ਹੈ
ਮਾਂ ਦਾ ਦੁੱਧ ਚੁੰਘਾਉਣ ਵਾਲੇ ਬਹੁਤ ਸਾਰੇ ਮਾਪੇ ਹੈਰਾਨ ਹੁੰਦੇ ਹਨ ਕਿ ਕੀ ਉਹਨਾਂ ਦੇ ਬੱਚੇ ਨੂੰ ਕਾਫ਼ੀ ਦੁੱਧ ਮਿਲ ਰਿਹਾ ਹੈ, ਖ਼ਾਸਕਰ ਪਹਿਲੇ ਕੁਝ ਹਫਤਿਆਂ ਵਿੱਚ। ਤੁਹਾਡੇ ਨਵਜੰਮੇ ਬੱਚੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਜਨਮ ਸਮੇਂ ਦਾ ਭਾਰ ਕੁਝ ਕੁ ਘਟੇਗਾ, ਪਰ ਉਹਨਾਂ ਨੂੰ ਜੀਵਨ ਦੇ ਦੋ ਹਫਤਿਆਂ ਤੱਕ ਆਪਣੇ ਜਨਮ ਵਾਲੇ ਵਜ਼ਨ 'ਤੇ ਵਾਪਸ ਆ ਜਾਣਾ ਚਾਹੀਦਾ ਹੈ।
ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਬੱਚੇ ਨੂੰ ਲੋੜੀਂਦਾ ਦੁੱਧ ਮਿਲ ਰਿਹਾ ਹੈ ਜੇ:
- ਉਹ 24 ਘੰਟਿਆਂ ਵਿੱਚ ਘੱਟੋ ਘੱਟ ਅੱਠ ਵਾਰ ਫੀਡ ਲੈਂਦੇ ਹਨ
- ਤੁਸੀਂ ਨਿਗਲਣ ਨੂੰ ਦੇਖਦੇ ਅਤੇ ਸੁਣਦੇ ਹੋ
- ਪੰਜਵੇਂ ਦਿਨ ਤੱਕ, ਉਹ ਘੱਟੋ ਘੱਟ ਤਿੰਨ ਵਾਰ ਜ਼ਿਕਰਯੋਗ ਮਾਤਰਾ ਵਿੱਚ, ਪੀਲੇ ਰੰਗ ਦੀਆਂ ਟੱਟੀਆਂ ਕਰਦੇ ਹਨ ਅਤੇ 24 ਘੰਟਿਆਂ ਦੀ ਮਿਆਦ ਵਿੱਚ ਛੇ ਜਾਂ ਵਧੇਰੇ ਡਾਇਪਰਾਂ ਨੂੰ ਭਿਓਂਦੇ ਹਨ
ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਖੁਰਾਕ ਅਤੇ ਟੱਟੀ ਕਰਨ ਦੀ ਬਾਰੰਬਾਰਤਾ ਬਦਲ ਸਕਦੀ ਹੈ।
ਬਹੁਤ ਸਾਰੇ ਬੱਚਿਆਂ ਲਈ ਮਾਂ ਦਾ ਦੁੱਧ ਚੁੰਘਣ ਤੋਂ ਥੋੜ੍ਹੀ ਦੇਰ ਬਾਅਦ ਜਾਗਣਾ ਅਤੇ ਭੁੱਖ ਦੇ ਸੰਕੇਤ ਦਿਖਾਉਣਾ ਆਮ ਗੱਲ ਹੈ। ਇਹ ਅਕਸਰ ਉਹ ਸਮਾਂ ਹੁੰਦਾ ਹੈ ਜਦੋਂ ਚੰਗੇ ਰਿਸ਼ਤੇਦਾਰ ਸੂਪ ਜਾਂ ਬੋਤਲ ਦਾ ਸੁਝਾਅ ਦਿੰਦੇ ਹਨ, ਆਪਣੀ ਚਿੰਤਾ ਜ਼ਾਹਰ ਕਰਦੇ ਹਨ ਕਿ ਹੋ ਸਕਦਾ ਹੈ ਤੁਹਾਡੇ ਕੋਲ ਲੋੜੀਂਦਾ ਦੁੱਧ ਨਾ ਹੋਵੇ। ਜਦੋਂ ਅਜਿਹਾ ਹੁੰਦਾ ਹੈ, ਤਾਂ ਛਾਤੀ ਨੂੰ ਦੁਬਾਰਾ ਅੱਗੇ ਕਰੋ ਤਾਂ ਜੋ ਉਹ ਆਪਣੀ ਫੀਡ ਪੂਰੀ ਕਰ ਸਕਣ। ਇਹ ਬਾਲ ਵਿਵਹਾਰ ਉਸੇ ਤਰ੍ਹਾਂ ਦਾ ਹੈ ਜਿਵੇਂ ਇੱਕ ਬਾਲਗ ਰਾਤ ਦਾ ਖਾਣਾ ਖਾਵੇਗਾ, ਆਰਾਮ ਕਰੇਗਾ, ਅਤੇ ਫਿਰ ਮਿਠਾਈ ਖਾਣ ਲਈ ਤਿਆਰ ਹੋਵੇਗਾ।
ਜੇ ਤੁਸੀਂ ਆਪਣੇ ਬੱਚੇ ਦੇ ਦੁੱਧ ਪੀਣ ਦੀਆਂ ਵੰਨਗੀਆਂ ਜਾਂ ਆਪਣੀ ਦੁੱਧ ਦੀ ਸਪਲਾਈ ਬਾਰੇ ਚਿੰਤਤ ਹੋ, ਤਾਂ ਕਿਰਪਾ ਕਰਕੇ ਕਿਸੇ ਦੁੱਧ ਚੁੰਘਾਉਣ ਸੰਬੰਧੀ ਸਲਾਹਕਾਰ ਤੋਂ ਮਦਦ ਲਓ।
ਵਿਕਾਸ ਵਿੱਚ ਤੇਜ਼ੀਆਂ
ਤੁਸੀਂ ਉਹਨਾਂ ਦਿਨਾਂ ਨੂੰ ਅਨੁਭਵ ਕਰ ਸਕਦੇ ਹੋ ਜਦੋਂ ਤੁਹਾਡਾ ਬੱਚਾ ਵਧੇਰੇ ਅਕਸਰ ਖਾਣਾ ਚਾਹੁੰਦਾ ਹੈ। ਇਹ ਆਮ ਤੌਰ 'ਤੇ ਉਦੋਂ ਵਾਪਰਦਾ ਹੈ ਜਦੋਂ ਉਹ ਲਗਭਗ 3 ਹਫਤੇ, 6 ਹਫਤੇ, ਅਤੇ 10 ਤੋਂ 12 ਹਫਤੇ ਦੇ ਹੁੰਦੇ ਹਨ। ਖੁਰਾਕ ਦੀ ਵੰਨਗੀ ਵਿੱਚ ਇਹ ਤਬਦੀਲੀ ਵਾਧੇ ਦੀ ਤੇਜ਼ੀ ਨਾਲ ਸੰਬੰਧਿਤ ਹੈ। ਇਹ ਤੁਹਾਡੇ ਬੱਚੇ ਦਾ ਤੁਹਾਡੇ ਸਰੀਰ ਨੂੰ ਉਹਨਾਂ ਦੀਆਂ ਵਧਦੀਆਂ ਲੋੜਾਂ ਲਈ ਵਧੇਰੇ ਦੁੱਧ ਪੈਦਾ ਕਰਨ ਲਈ ਕਹਿਣ ਦਾ ਤਰੀਕਾ ਹੈ। ਤੁਹਾਡਾ ਬੱਚਾ ਲਗਭਗ 48 ਘੰਟਿਆਂ ਲਈ ਅਕਸਰ ਦੁੱਧ ਪੀਵੇਗਾ, ਜਦ ਤੱਕ ਤੁਹਾਡਾ ਸਰੀਰ ਵਧੇਰੇ ਦੁੱਧ ਦੀ ਮਾਤਰਾ ਨਾਲ ਪ੍ਰਤੀਕਿਰਿਆ ਨਹੀਂ ਦਿੰਦਾ, ਅਤੇ ਫਿਰ ਤੁਹਾਡਾ ਦੁੱਧ ਪਿਲਾਉਣ ਦਾ ਰੁਟੀਨ ਆਮ ਤੌਰ 'ਤੇ ਸਾਧਾਰਨ ਹੋ ਜਾਂਦਾ ਹੈ।
ਯਾਦ ਰੱਖੋ ਕਿ ਇਹ ਆਮ ਖੁਰਾਕ ਵਿਵਹਾਰ ਹੈ, ਅਤੇ ਇਸ ਸਮੇਂ ਦੌਰਾਨ ਹੋਰ ਪੂਰਤੀ ਕਰਨ ਦੀ ਕੋਈ ਲੋੜ ਨਹੀਂ ਹੈ; ਤੁਹਾਡੀ ਛਾਤੀ ਦਾ ਦੁੱਧ ਕਾਫ਼ੀ ਹੈ। ਜੇ ਇਸ ਪ੍ਰਕਿਰਿਆ ਨੂੰ ਫਾਰਮੂਲਾ ਦੁੱਧ ਨਾਲ ਪੂਰਤੀ ਕਰਕੇ ਰੋਕਿਆ ਜਾਂਦਾ ਹੈ, ਤਾਂ ਹੋ ਸਕਦਾ ਹੈ ਤੁਹਾਡੇ ਵਧ ਰਹੇ ਬੱਚੇ ਵਾਸਤੇ ਲੋੜ ਅਨੁਸਾਰ ਤੁਹਾਡੀ ਦੁੱਧ ਦੀ ਸਪਲਾਈ ਵਿੱਚ ਵਾਧਾ ਨਾ ਹੋਵੇ।
ਬੱਚੇ ਲਈ ਵਾਧੂ ਵਿਟਾਮਿਨ
ਮਾਂ ਦਾ ਦੁੱਧ ਵਿਟਾਮਿਨ D ਨੂੰ ਛੱਡ ਕੇ ਤੁਹਾਡੇ ਬੱਚੇ ਨੂੰ ਲੋੜੀਂਦੇ ਸਾਰੇ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦਾ ਹੈ। ਮਾਂ ਦਾ ਦੁੱਧ ਪੀਣ ਵਾਲੇ ਸਾਰੇ ਬੱਚਿਆਂ ਨੂੰ ਵਿਟਾਮਿਨ D ਦੇ ਇੱਕ ਵਾਧੂ ਪੂਰਕ ਦੀ ਲੋੜ ਹੁੰਦੀ ਹੈ। ਇਸ ਗੱਲ 'ਤੇ ਨਿਰਭਰ ਕਰਨ ਅਨੁਸਾਰ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਡਾਕਟਰ ਸੰਭਾਵਤ ਤੌਰ 'ਤੇ ਸਿਫਾਰਸ਼ ਕਰੇਗਾ ਕਿ ਤੁਸੀਂ ਆਪਣੇ ਬੱਚੇ ਨੂੰ ਪਹਿਲੇ ਸਾਲ ਲਈ ਪ੍ਰਤੀ ਦਿਨ 400 IU ਜਾਂ ਇਸ ਤੋਂ ਵੱਧ ਵਿਟਾਮਿਨ D ਦਿਓ।
ਫਾਰਮੂਲਾ ਦੁੱਧ ਨਾਲ ਪੂਰਤੀ ਕਰਨਾ
ਜਨਮ ਤੋਂ ਬਾਅਦ ਪਹਿਲੇ ਕੁਝ ਹਫ਼ਤੇ ਤੁਹਾਡੀ ਦੁੱਧ ਦੀ ਸਪਲਾਈ ਸਥਾਪਤ ਕਰਨ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਇਸ ਸਮੇਂ ਦੌਰਾਨ ਆਪਣੇ ਬੱਚੇ ਨੂੰ ਕੋਈ ਪੂਰਕ ਬੋਤਲਾਂ ਦੀ ਪੇਸ਼ਕਸ਼ ਨਾ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਬੱਚੇ ਦਾ ਭਾਰ ਸਹੀ ਢੰਗ ਨਾਲ ਨਹੀਂ ਵਧ ਰਿਹਾ ਹੈ, ਤਾਂ ਵਾਧੂ ਮਦਦ ਵਾਸਤੇ ਆਪਣੇ ਡਾਕਟਰ ਜਾਂ ਦੁੱਧ ਚੁੰਘਾਉਣ ਸਬੰਧੀ ਸਲਾਹਕਾਰ ਨੂੰ ਪੁੱਛੋ। ਜੇਕਰ ਤੁਸੀਂ ਆਪਣਾ ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਬੋਤਲ ਪਿਲਾਉਣਾ ਚਾਹੁੰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਪੰਪ ਕਰਦੇ ਹੋ ਤਾਂ ਜੋ ਤੁਹਾਡਾ ਬੱਚਾ ਅਜੇ ਵੀ ਤੁਹਾਡਾ ਦੁੱਧ ਪ੍ਰਾਪਤ ਕਰ ਸਕੇ ਅਤੇ ਤੁਸੀਂ ਆਪਣੀ ਦੁੱਧ ਦੀ ਸਪਲਾਈ ਦੀ ਰੱਖਿਆ ਕਰ ਸਕੋ। ਵਧੇਰੇ ਜਾਣਕਾਰੀ ਵਾਸਤੇ ਤੁਹਾਡੇ ਹਸਪਤਾਲ ਵਿੱਚ ਦਾਖਲ ਬੱਚੇ ਵਾਸਤੇ ਮਾਂ ਦਾ ਦੁੱਧ ਕੱਢਣ ਬਾਰੇ ਲੇਖ ਦੇਖੋ।
ਦੁੱਧ ਚੁੰਘਾਉਣ ਦੌਰਾਨ ਦਵਾਈਆਂ ਲੈਣਾ
ਦੁੱਧ ਚੁੰਘਾਉਣ ਦੇ ਅਰਸੇ ਦੌਰਾਨ ਜ਼ਿਆਦਾਤਰ ਦਵਾਈਆਂ ਲੈਣ ਲਈ ਸੁਰੱਖਿਅਤ ਹੁੰਦੀਆਂ ਹਨ ਅਤੇ ਬਹੁਤ ਘੱਟ ਮਾਤਰਾ ਵਿੱਚ ਮਾਂ ਦੇ ਦੁੱਧ ਰਾਹੀਂ ਬੱਚੇ ਨੂੰ ਤਬਦੀਲ ਕੀਤੀਆਂ ਜਾਂਦੀਆਂ ਹਨ। ਜੇ ਤੁਹਾਨੂੰ ਦੁੱਧ ਚੁੰਘਾਉਣ ਦੇ ਅਰਸੇ ਦੌਰਾਨ ਕੋਈ ਦਵਾਈ ਲੈਣ ਦੀ ਲੋੜ ਹੈ, ਤਾਂ ਇਹ ਯਕੀਨੀ ਬਣਾਉਣ ਲਈ ਆਪਣੇ ਡਾਕਟਰ, ਦੁੱਧ ਚੁੰਘਾਉਣ ਬਾਬਤ ਸਲਾਹਕਾਰ ਜਾਂ ਫਾਰਮਾਸਿਸਟ ਨਾਲ ਜਾਂਚ ਕਰੋ ਕਿ ਇਹ ਸੁਰੱਖਿਅਤ ਹੈ। ਤੁਸੀਂ ਇੱਥੇ ਵਧੇਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ MotherToBaby।
ਜੇ ਤੁਸੀਂ ਕਿਸੇ ਵੀ ਸਮੇਂ ਦੁੱਧ ਚੁੰਘਾਉਣ ਦੇ ਅਯੋਗ ਹੋ, ਤਾਂ ਆਪਣੀ ਦੁੱਧ ਦੀ ਸਪਲਾਈ ਨੂੰ ਬਣਾਈ ਰੱਖਣ ਲਈ ਆਪਣੀਆਂ ਛਾਤੀਆਂ ਨੂੰ ਓਨੀ ਵਾਰ ਪੰਪ ਕਰਨਾ ਯਕੀਨੀ ਬਣਾਓ ਜਿੰਨੀ ਵਾਰ ਤੁਹਾਡਾ ਬੱਚਾ ਦੁੱਧ ਪੀਂਦਾ ਹੈ।
ਕੀ ਤੁਸੀਂ ਬੱਚੇ ਨੂੰ ਆਪਣਾ ਦੁੱਧ ਪਿਲਾ ਰਹੇ ਹੋ ਅਤੇ ਕੰਮ 'ਤੇ ਵਾਪਸ ਆ ਰਹੇ ਹੋ?
ਜੇ ਤੁਸੀਂ ਕੰਮ 'ਤੇ ਵਾਪਸ ਆ ਰਹੇ ਹੋ, ਤਾਂ ਤੁਸੀਂ ਸ਼ੁਰੂਆਤੀ ਹਫਤਿਆਂ ਵਿੱਚ ਆਪਣੀ ਛਾਤੀ ਦੇ ਦੁੱਧ ਨੂੰ ਡੀਪ ਫ੍ਰੀਜ਼ ਕਰਨ ਲਈ ਆਪਣੇ ਬੱਚੇ ਨੂੰ ਇੱਕ ਛਾਤੀ ਤੋਂ ਦੁੱਧ ਪਿਲਾ ਸਕਦੇ ਹੋ ਅਤੇ ਦੂਜੀ ਛਾਤੀ ਨੂੰ ਪੰਪ ਕਰ ਸਕਦੇ ਹੋ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਕੰਮ 'ਤੇ ਵਾਪਸ ਆਉਂਦੇ ਹੋ ਤਾਂ ਵਿਕਲਪਕ ਦੇਖਭਾਲ ਕਰਤਾ ਕੋਲ ਤੁਹਾਡੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਣ ਲਈ ਛਾਤੀ ਦੇ ਦੁੱਧ ਦੀ ਨਿਰੰਤਰ ਸਪਲਾਈ ਹੁੰਦੀ ਹੈ।