ਸਾਹ ਰਾਹੀਂ ਅੰਦਰ ਖਿੱਚਣ ਲਈ ਬਿਊਡੈਸੋਨਾਈਡ

Budesonide for inhalation [ Punjabi ]

PDF download is not available for Arabic and Urdu languages at this time. Please use the browser print function instead

ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ। ਜਾਣਕਾਰੀ ਦੀ ਇਹ ਸ਼ੀਟ ਵਿਆਖਿਆ ਕਰਦੀ ਹੈ ਕਿ ਬਿਊਡੈਸੋਨਾਈਡ ਕੀ ਕਰਦੀ ਹੈ

ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ। ਜਾਣਕਾਰੀ ਦੀ ਇਹ ਸ਼ੀਟ ਵਿਆਖਿਆ ਕਰਦੀ ਹੈ ਕਿ ਬਿਊਡੈਸੋਨਾਈਡ ਕੀ ਕਰਦੀ ਹੈ, ਇਹ ਕਿਵੇਂ ਦੇਣੀ ਹੈ, ਅਤੇ ਜਦੋਂ ਤੁਹਾਡਾ ਬੱਚਾ ਇਹ ਦਵਾਈ ਲੈਂਦਾ ਹੈ ਤਾਂ ਉਸ ਨੂੰ ਕਿਹੜੇ ਗੌਣ ਪ੍ਰਭਾਵ ਜਾਂ ਤਕਲੀਫ਼ਾਂ ਹੋ ਸਕਦੀਆਂ ਹਨ।

ਇਹ ਦਵਾਈ ਕੀ ਹੈ?

ਬਿਊਡੈਸੋਨਾਈਡ ਦਮੇ ਦੇ ਲੱਛਣਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਵਰਤੀ ਜਾਂਦੀ ਹੈ। ਜਦੋਂ ਤੁਹਾਡਾ ਬੱਚਾ ਇਹ ਦਵਾਈ ਬਾਕਾਇਦਗੀ ਨਾਲ ਲੈਂਦਾ ਹੈ ਇਹ ਤੁਹਾਡੇ ਬੱਚੇ ਦੇ ਫੇਫੜਿਆਂ ਦੇ ਹਵਾ ਵਾਲੇ ਰਸਤਿਆਂ ਨੁੰ ਤੰਦਰੁਸਤ ਰੱਖਦੀ ਹੈ।

ਤੁਸੀਂ ਬਿਊਡੈਸੋਨਾਈਡ ਨੂੰ ਰੋਕਥਾਮ ਵਾਲੀ ਦਵਾਈ ਕਹਿੰਦੇ ਵੀ ਸੁਣ ਸਕਦੇ ਹੋ। ਤੁਸੀਂ ਬਿਊਡੈਸੋਨਾਈਡ ਦਾ ਮਾਰਕੇ ਵਾਲੇ ਨਾਂ (ਬਰੈਂਡ ਨੇਮ) ਪਲਮੀਕੋਰਟ (Pulmicort®) ਵੀ ਕਹੀ ਜਾਂਦੀ ਸੁਣ ਸਕਦੇ ਹੋ।

ਬਿਊਡੈਸੋਨਾਈਡ ਸਾਹ ਨਾਲ ਅੰਦਰ ਖਿੱਚਣ ਵਾਲੇ ਯੰਤਰ ਵਿੱਚ ਜਾਂ ਨੈਬੂਲਾਈਜ਼ਰ ਮਸ਼ੀਨ (ਅਜਿਹਾ ਯੰਤਰ ਜੋ ਤਰਲ ਨੂੰ ਬਰੀਕ ਵਾਸ਼ਪਾਂ ਵਿੱਚ ਬਦਲ ਦਿੰਦਾ ਹੈ) ਵਿੱਚ ਵਰਤਣ ਲਈ ਤਰਲ ਰੂਪ ਵਿੱਚ ਆਉਂਦੀ ਹੈ।

ਆਪਣੇ ਬੱਚੇ ਨੂੰ ਇਹ ਦਵਾਈ ਦੇਣ ਤੋਂ ਪਹਿਲਾਂ…

ਆਪਣੇ ਬੱਚੇ ਦੇ ਡਾਕਟਰ ਨੂੰ ਦੱਸੋ, ਜੇ ਤੁਹਾਡੇ ਬੱਚੇ ਨੂੰ:

 • ਬਿਊਡੈਸੋਨਾਈਡ ਤੋਂ ਐਲਰਜੀ ਹੈ

ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਵਿੱਚੋਂ ਕੋਈ ਵੀ ਤਕਲੀਫ਼ ਹੈ ਤਾਂ ਆਪਣੇ ਬੱਚੇ ਦੇ ਡਾਕਟਰ ਜਾਂ ਦਵਾਈਫ਼ਰੋਸ਼ ਨਾਲ ਗੱਲ ਕਰੋ। ਇਸ ਦਵਾਈ ਨਾਲ ਸਾਵਧਾਨੀਆਂ ਲੈਣ ਦੀ ਲੋੜ ਹੈ, ਜੇ ਤੁਹਾਡੇ ਬੱਚੇ ਨੂੰ:

 • ਲਾਗਾਂ ਹੋਵੇ , ਜਿਵੇਂ ਕਿ ਛੋਟੀ ਮਾਤਾ, ਖ਼ਸਰਾ, ਤਪਦਿਕ
 • ਅੱਖਾਂ ਦੀ ਤਕਲੀਫ਼ ਹੋਵੇ , ਜਿਵੇਂ ਕਿ ਗਲਾਓਕੋਮਾ​

ਤੁਸੀਂ ਇਹ ਦਵਾਈ ਆਪਣੇ ਬੱਚੇ ਨੂੰ ਕਿਵੇਂ ਦੇਣੀ ਹੈ?

 • ਆਪਣੇ ਬੱਚੇ ਨੂੰ ਦਵਾਈ ਠੀਕ ਉਸੇ ਤਰ੍ਹਾ ਦਿਓ ਜਿਵੇਂ ਤੁਹਾਡੇ ਡਾਕਟਰ ਜਾਂ ਦਵਾਫ਼ਰੋਸ਼ ਨੇ ਤੁਹਾਨੂੰ ਦੱਸਿਆ ਹੈ, ਭਾਵੇਂ ਤੁਹਾਡਾ ਬੱਚਾ ਠੀਕ ਵਿਖਾਈ ਦਿੰਦਾ ਹੈ।
 • ਬਿਊਡੈਸੋਨਾਈਡ ਉਦੋਂ ਦੇਣੀ ਬੰਦ ਕਰੋ ਜਦੋਂ ਤੁਹਾਡਾ ਡਾਕਟਰ ਜਾਂ ਦਵਾਫ਼ਰੋਸ਼ ਬੰਦ ਕਰਨ ਲਈ ਕਹਿੰਦਾ ਹੈ।
 • ਆਪਣੇ ਬੱਚੇ ਨੂੰ ਬਿਊਡੈਸੋਨਾਈਡ ਰੋਜ਼ਾਨਾ ਓਸੇ ਸਮੇਂ ਦਿਓ। ਅਜਿਹੇ ਸਮੇਂ ਚੁਣੋ ਜਿਹੜੇ ਤੁਹਾਡੇ ਲਈ ਸੌਖੇ ਹੋਣ ਤਾਂਕਿ ਦਵਾਈ ਦੀ ਕੋਈ ਖ਼ੁਰਾਕ ਦੇਣੀ ਖੁੰਝੇ ਨਾ।
 • ਜੇ ਤੁਹਾਡਾ ਬੱਚਾ ਰਲੀਵਰ (ਅਰਾਮ ਦੇਣ ਵਾਲੀ) ਦਵਾਈ ਵਰਤ ਰਿਹਾ ਹੈ, ਜਿਵੇਂ ਕਿ ਸਲਬਿਊਟਾਮੋਲ (salbutamol), ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਰਲੀਵਰ ਦਵਾਈ ਬਿਊਡੈਸੋਨਾਈਡ ਲੈਣ ਤੋਂ ਪਹਿਲਾਂ ਵਰਤਦਾ ਹੈ। ਰਲੀਵਰ ਦਵਾਈ ਦੇਣ ਤੋਂ ਪਿੱਛੋਂ ਅਤੇ ਬਿਊਡੈਸੋਨਾਈਡ ਦੇਣ ਤੋਂ ਪਹਿਲਾਂ 5 ਮਿੰਟ ਉਡੀਕ ਕਰੋ।
 • ਜੇ ਤੁਹਾਡਾ ਬੱਚਾ ਬਿਊਡੈਸੋਨਾਈਡ ਲੈਣ ਲਈ ਨੈਬੂਲਾਈਜ਼ਰ ਮਸ਼ੀਨ ਵਰਤਦਾ ਹੈ, ਤੁਸੀਂ ਰਲੀਵਰ ਦਵਾਈ ਨੂੰ ਤਰਲ ਬਿਊਡੈਸੋਨਾਈਡ ਨਾਲ ਮਿਲਾ ਸਕਦੇ ਹੋ।
 • ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨੂੰ ਮੂੰਹ ਰਾਹੀਂ ਸਾਹ ਲੈ ਕੇ ਅੰਦਰ ਖਿੱਚਣੀ ਚਾਹੀਦੀ ਹੈ। ਜੇ ਤੁਹਾਨੂੰ ਇਹ ਪੱਕਾ ਪਤਾ ਨਹੀਂ ਕਿ ਇਹ ਦਵਾਈ ਕਿਵੇਂ ਦੇਣੀ ਹੈ, ਦਵਾਫ਼ਰੋਸ਼ ਜਾਂ ਨਰਸ ਨੂੰ ਕਹੋ ਕਿ ਉਹ ਤੁਹਾਨੂੰ ਵਿਖਾਵੇ ਦਵਾਈ ਕਿਵੇਂ ਦੇਣੀ ਹੈ।
 • ਜਦੋਂ ਬੱਚਾ ਬਿਊਡੈਸੋਨਾਈਡ ਲੈ ਲੈਂਦਾ ਤਾਂ ਇਸ ਪਿੱਛੋਂ ਆਪਣੇ ਬੱਚੇ ਨੂੰ ਕਹੋ ਕਿ ਉਹ ਪਾਣੀ ਨਾਲ ਮੂੰਹ ਦੀ ਕੁਰਲੀ ਕਰੇ। ਜੇ ਤੁਹਾਡਾ ਬੱਚਾ ਏਨਾ ਛੋਟਾ ਹੈ ਕਿ ਉਹ ਕੁਰਲੀ ਨਹੀਂ ਕਰ ਸਕਦਾ, ਉਸ ਨੁੰ ਬਿਊਡੈਸੋਨਾਈਡ ਦੀ ਹਰੇਕ ਖ਼ੁਰਾਕ ਦੇਣ ਤੋਂ ਪਿੱਛੋਂ ਪੀਣ ਲਈ ਜੂਸ ਜਾਂ ਪਾਣੀ ਦਿਓ।

ਜੇ ਤੁਹਾਡਾ ਬੱਚਾ ਦਵਾਈ ਦਵਾਈ ਦੀ ਕੋਈ ਖ਼ੁਰਾਕ ਖੁੰਝਾ ਦਿੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

 • ਜਿਸ ਸਮੇਂ ਵੀ ਯਾਦ ਆ ਜਾਵੇ ਉਸੇ ਸਮੇਂ ਖੁੰਝਾਈ ਹੋਈ ਖ਼ੁਰਾਕ ਦੇ ਦਿਓ।
 • ਜੇ ਅਗਲੀ ਖ਼ੁਰਾਕ ਲੈਣ ਦਾ ਸਮਾਂ ਲਗਭਗ ਹੋਣ ਵਾਲਾ ਹੈ, ਖ਼ੁੰਝੀ ਹੋਈ ਖ਼ੁਰਾਕ ਨੂੰ ਛੱਡ ਦਿਓ। ਅਗਲੀ ਖ਼ੁਰਾਕ ਬਾਕਾਇਦਾ ਸਮੇਂ ਸਿਰ ਦਿਓ।
 • ਖੁੰਝੀ ਹੋਈ ਖ਼ੁਰਾਕ ਦੀ ਪੂਰਤੀ ਲਈ ਆਪਣੇ ਬੱਚੇ ਨੂੰ ਦੋ ਖ਼ੁਰਾਕਾਂ ਇਕੱਠੀਆਂ ਨਾ ਦਿਓ।

ਇਹ ਦਵਾਈ ਕਾਰਗਰ ਹੋਣ ਲਈ ਕਿੰਨਾਂ ਸਮਾਂ ਲੈਂਦੀ ਹੈ?

ਬਿਊਡੈਸੋਨਾਈਡ ਨਾਲ ਤੁਹਾਡੇ ਬੱਚੇ ਦਾ ਦਮਾ ਠੀਕ ਹੁੰਦਾ ਵਿਖਾਈ ਦੇਣ ਵਿੱਚ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।

ਇਸ ਦਵਾਈ ਦੇ ਸੰਭਵ ਮੰਦੇ ਅਸਰ ਕਿਹੜੇ ਹਨ?

ਜਦੋਂ ਤੁਹਾਡਾ ਬੱਚਾ ਬਿਊਡੈਸੋਨਾਈਡ ਲੈ ਰਿਹਾ ਹੁੰਦਾ ਹੈ ਉਸ ਨੂੰ ਇਨ੍ਹਾਂ ਵਿੱਚੋਂ ਕੁੱਝ ਮੰਦੇ ਅਸਰ ਹੋ ਸਕਦੇ ਹਨ। ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਮੰਦਾ ਅਸਰ ਜਾਰੀ ਰਹਿੰਦਾ, ਜੇ ਉਹ ਠੀਕ ਨਹੀਂ ਹੁੰਦੇ, ਜਾਂ ਜੇ ਉਹ ਤੁਹਾਡੇ ਬੱਚੇ ਨੂੰ ਪਰੇਸ਼ਾਨ ਕਰਦੇ ਹਨ, ਤਾਂ ਆਪਣੇ ਬੱਚੇ ਦੇ ਡਾਕਟਰ ਨੂੰ ਮਿਲੋ।

 • ਮੂੰਹ ਜਾਂ ਗਲ਼ਾ ਖ਼ੁਸ਼ਕ ਹੋਣਾ
 • ਗਲ਼ਾ ਦੁੱਖਣਾ
 • ਮੂੰਹ ਬੇਸੁਆਦ ਹੋਣਾ
 • ਖੰਘ
 • ਸਿਰਦਰਦ
 • ਪੇਟ ਵਿੱਚ ਗੜਬੜ

ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਮੰਦਾ ਅਸਰ ਹੁੰਦਾ ਹੈ, ਦਫ਼ਤਰ ਦੇ ਸਮੇਂ ਦੌਰਾਨ ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ:

 • ਮੂੰਹ ਵਿੱਚ ਸਫ਼ੈਦ ਧੱਬੇ
 • ਖਾਣ ਜਾਂ ਨਿਗਲਣ ਵੇਲੇ ਦਰਦ
 • ਧੁੰਦਲੀ ਨਜ਼ਰ ਜਾਂ ਨਜ਼ਰ ਵਿੱਚ ਹੋਰ ਕੋਈ ਤਬਦੀਲੀਆਂ

ਹੇਠ ਦਰਜ ਮੰਦੇ ਅਸਰਾਂ ਵਿੱਚੋਂ ਬਹੁਤੇ ਆਮ ਨਹੀਂ ਹੁੰਦੇ, ਪਰ ਉਹ ਕਿਸੇ ਗੰਭੀਰ ਸਮੱਸਿਆ ਦੀ ਨਿਸ਼ਾਨੀ ਹੋ ਸਕਦੇ ਹਨ। ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜਾਂ ਆਪਣੇ ਬੱਚੇ ਨੂੰ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ, ਜੇ ਤੁਹਾਡੇ ਬੱਚੇ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਮੰਦਾ ਅਸਰ ਹੁੰਦਾ ਹੈ:

 • ਚੇਹਰੇ, ਅੱਖਾਂ, ਬੁਲ੍ਹਾਂ ਦੀ ਸੋਜ਼ਸ਼
 • ਛਾਤੀ ਵਿੱਚ ਤਣਾਅ
 • ਛਾਤੀ ਵਿੱਚੋਂ ਘਰਰ ਘਰਰ ਦੀ ਅਵਾਜ਼ ਆਉਣੀ, ਸਾਹ ਚੜ੍ਹਨਾ, ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣੀ ਜਿਸ ਨੂੰ ਕਿਸੇ ਦਵਾਈ ਨਾਲ ਅਰਾਮ ਨਹੀਂ ਆਉਂਦਾ।

ਜਦੋਂ ਤੁਹਾਡਾ ਬੱਚਾ ਇਹ ਦਵਾਈ ਵਰਤ ਰਿਹਾ ਹੁੰਦਾ ਹੈ ਉਦੋਂ ਤੁਹਾਨੂੰ ਬਚਾਅ ਦੇ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ?

ਜੇ 2 ਹਫ਼ਤੇ ਬਿਊਡੈਸੋਨਾਈਡ ਲੈਣ ਤੋਂ ਪਿੱਛੋਂ ਵੀ ਤੁਹਾਡੇ ਬੱਚੇ ਦਾ ਦਮਾ ਠੀਕ ਨਹੀਂ ਹੋ ਰਿਹਾ, ਜਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਵਿਗੜ ਰਿਹਾ ਹੈ, ਆਪਣੇ ਡਾਕਟਰ ਨਾਲ ਸੰਪਰਕ ਕਰੋ।

ਦਵਾਈ ਦੀ ਹਰ ਖ਼ੁਰਾਕ ਲੈਣ ਤੋਂ ਪਿੱਛੋਂ ਪਾਣੀ ਨਾਲ ਗਰਾਰੇ ਅਤੇ ਕੁਰਲੀ ਕਰਨ ਨਾਲ ਗਲ਼ੇ ਦੀ ਭਰੜਾਹਟ, ਗਲ਼ੇ ਦੀ ਖ਼ਾਰਸ਼, ਅਤੇ ਮੂੰਹ ਦੀ ਖ਼ਮੀਰ (ਯੀਸਟ) ਵਾਲੀ ਲਾਗ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।

ਦੰਦਾ ਦੀ ਸਰਜਰੀ ਜਾਂ ਐਮਰਜੈਂਸੀ ਇਲਾਜ ਸਮੇਤ ਆਪਣੇ ਬੱਚੇ ਦੀ ਕਿਸੇ ਵੀ ਸਰਜਰੀ ਤੋਂ ਪਹਿਲਾਂ ਡਾਕਟਰ ਜਾਂ ਦੰਦਾਂ ਦੇ ਡਾਕਟਰ ਨੂੰ ਦੱਸੋ ਕਿ ਤੁਹਾਡਾ ਬੱਚਾ ਬਿਊਡੈਸੋਨਾਈਡ ਲੈ ਰਿਹਾ ਹੈ।

ਆਪਣੇ ਬੱਚੇ ਨੂੰ ਕੋਈ ਹੋਰ ਦਵਾਈਆਂ (ਨੁਸਖ਼ੇ ਵਾਲੀਆਂ, ਬਗੈਰ ਨੁਸਖ਼ੇ ਵਾਲੀਆਂ, ਜੜ੍ਹੀ ਬੂਟੀਆਂ ਜਾਂ ਕੁਦਰਤੀ ਪਦਾਰਥ) ਦੇਣ ਤੋਂ ਪਹਿਲਾਂ ਆਪਣੇ ਬੱਚੇ ਦੇ ਡਾਕਟਰ ਜਾਂ ਦਵਾਫ਼ਰੋਸ਼ ਨੂੰ ਪੁੱਛੋ।

ਹੋਰ ਕਿਹੜੀ ਮਹੱਤਵਪੂਰਨ ਜਾਣਕਾਰੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ?

ਜਿਹੜੀਆਂ ਦਵਾਈਆਂ ਤੁਹਾਡਾ ਬੱਚਾ ਲੈ ਰਿਹਾ ਹੈ ਉਨ੍ਹਾਂ ਸਾਰੀਆਂ ਦੀ ਸੂਚੀ ਬਣਾ ਕੇ ਰੱਖੋ ਅਤੇ ਇਹ ਸੂਚੀ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਵਿਖਾਉ।

ਆਪਣੇ ਬੱਚੇ ਦੀ ਦਵਾਈ ਹੋਰ ਕਿਸੇ ਨੂੰ ਨਾ ਦਿਓ ਅਤੇ ਨਾਂ ਹੀ ਕਿਸੇ ਹੋਰ ਦੀ ਦਵਾਈ ਆਪਣੇ ਬੱਚੇ ਨੂੰ ਦਿਓ।

ਇਹ ਯਕੀਨੀ ਬਣਾਉ ਕਿ ਤੁਹਾਡੇ ਤੁਹਾਡੇ ਕੋਲ ਵੀਕਐਂਡ, ਸਰਕਾਰੀ ਛੁੱਟੀਆਂ ਦੇ ਦਿਨਾਂ ਅਤੇ ਆਪਣੀਆਂ ਛੁੱਟੀਆਂ ਦੇ ਦੌਰਾਨ ਵਰਤਣ ਲਈ ਲੋੜੀਂਦੀ ਮਾਤਰਾ ਵਿੱਚ ਬਿਊਡੈਸੋਨਾਈਡ ਹੋਵੇ। ਦਵਾਈ ਦਾ ਨੁਸਖ਼ਾ ਦੁਬਾਰਾ ਭਰਵਾਉਣ ਲਈ ਦਵਾਈ ਖ਼ਤਮ ਹੋਣ ਤੋਂ ਘੱਟੋ ਘੱਟ 2 ਦਿਨ ਪਹਿਲਾਂ ਆਪਣੇ ਫ਼ਰਮਾਸਿਸਟ ਨੂੰ ਫ਼ੋਨ ਕਰੋ।

ਬਿਊਡੈਸੋਨਾਈਡ ਘਰ ਅੰਦਰਲੇ ਸਧਾਰਨ ਤਾਪਮਾਨ ਵਿੱਚ ਸੂਰਜ ਦੀ ਰੋਸ਼ਨੀ ਤੋਂ ਦੂਰ ਠੰਢੀ ਅਤੇ ਖ਼ੁਸ਼ਕ ਜਗ੍ਹਾ ‘ਤੇ ਰੱਖੋ। ਇਸ ਨੂੰ ਗੁਸਲ਼ਖਾਨੇ ਜਾਂ ਰਸੋਈ ਵਿੱਚ ਨਾ ਰੱਖੋ।

ਜਿਹੜੀਆਂ ਦਵਾਈਆ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਉਹ ਨਾ ਰੱਖੋ। ਮਿਆਦ ਖ਼ਤਮ ਹੋ ਚੁੱਕੀ ਵਾਲੀਆਂ ਅਤੇ ਬਚੀਆਂ ਹੋਈਆਂ ਦਵਾਈਆਂ ਨੂੰ ਠੀਕ ਢੰਗ ਨਾਲ ਨਸ਼ਟ ਕਰਨ ਲਈ ਆਪਣੇ ਦਵਾਫ਼ਰੋਸ਼ ਨੂੰ ਪੁੱਛੋ।

ਬਿਊਡੈਸੋਨਾਈਡ ਆਪਣੇ ਬੱਚੇ ਦੀ ਨਜ਼ਰ ਅਤੇ ਪਹੁੰਚ ਤੋਂ ਦੂਰ ਸੁਰੱਖਿਅਤ ਜਗ੍ਹਾ ਉੱਪਰ ਜਿੰਦਾ ਲਾ ਕੇ ਰੱਖੋ। ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਮਾਤਰਾ ਵਿੱਚ ਬਿਊਡੈਸੋਨਾਈਡ ਲੈ ਲੈਂਦਾ ਹੈ, ਆਂਟੇਰੀਓ ਪੋਆਇਜ਼ਨ ਸੈਂਟਰ ਨੂੰ ਹੇਠ ਦਿੱਤੇ ਨੰਬਰਾਂ ਵਿੱਚੋਂ ਇੱਕ ‘ਤੇ ਫ਼ੋਨ ਕਰੋ। ਇਹ ਫ਼ੋਨ ਕਰਨੇ ਮੁਫ਼ਤ ਹਨ।

 • ਜੇ ਤੁਸੀਂ ਟਰਾਂਟੋ ਵਿੱਚ ਰਹਿੰਦੇ ਹੋ 416-813-5900 ‘ਤੇ ਫ਼ੋਨ ਕਰੋ।
 • ਜੇ ਤੁਸੀਂ ਆਂਟੇਰੀਓ ਵਿੱਚ ਕਿਸੇ ਹੋਰ ਥਾਂ ਰਹਿੰਦੇ ਹੋ 1-800-268-9017 ‘ਤੇ ਫ਼ੋਨ ਕਰੋ।
 • ਜੇ ਤੁਸੀਂ ਆਂਟੇਰੀਓ ਤੋਂ ਬਾਹਰ ਰਹਿੰਦੇ ਹੋ, ਆਪਣੇ ਸਥਾਨਕ ਪੋਆਇਜ਼ਨ ਇਨਫ਼ਰਮੇਸ਼ਨ ਸੈਂਟਰ ਨੂੰ ਫ਼ੋਨ ਕਰੋ।

ਦਾਹਵਾ ਮੁਕਤ ਹੋਣਾ: ਇਸ ਫ਼ੈਮਿਲੀ ਮੈੱਡ-ਏਡ ਵਿੱਚ ਦਿੱਤੀ ਜਾਣਕਾਰੀ ਛਾਪੇ ਜਾਣ ਵੇਲੇ ਸਹੀ ਹੈ। ਇਹ ਬਿਊਡੈਸੋਨਾਈਡ ਬਾਰੇ ਜਾਣਕਾਰੀ ਦਾ ਸਾਰ ਪੇਸ਼ ਕਰਦੀ ਹੈ ਅਤੇ ਇਸ ਵਿੱਚ ਦਵਾਈ ਬਾਰੇ ਸਾਰੀ ਸੰਭਵ ਜਾਣਕਾਰੀ ਸ਼ਾਮਲ ਨਹੀਂ ਹੈ। ਸਾਰੇ ਮੰਦੇ ਅਸਰਾਂ ਦੀ ਸੂਚੀ ਵੀ ਨਹੀਂ ਦਿੱਤੀ ਗਈ ਹੈ। ਜੇ ਬਿਊਡੈਸੋਨਾਈਡ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ ਜਾਂ ਵਧੇਰੇ ਜਾਣਕਾਰੀ ਚਾਹੁੰਦੇ ਹੋ, ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ।

Last updated: April 15 2008