ਹੇਠ ਲਿਖੀ ਜਾਣਕਾਰੀ ਤੁਹਾਡੇ ਬੱਚੇ ਨੂੰ ਗੁਰੂਤਾ ਆਕਰਸ਼ਣ ਦੁਆਰਾ ਉਹਨਾਂ ਦੀ ਨਾਸੋਗੈਸਟ੍ਰਿਕ (NG) ਟਿਊਬ ਰਾਹੀਂ ਦੁੱਧ ਪਿਲਾਉਣ ਬਾਰੇ ਹਿਦਾਇਤਾਂ ਪ੍ਰਦਾਨ ਕਰਦੀ ਹੈ।
NG ਟਿਊਬ ਰਾਹੀਂ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ

- ਹੇਠ ਲਿਖੇ ਸਾਜ਼ੋ-ਸਾਮਾਨ ਇਕੱਠੇ ਕਰੋ:
- ਸਰਿੰਜ
- ਤਰਲ ਪੋਸ਼ਣ
- ਫ਼ੀਡਿੰਗ ਬੈਗ
- IV ਪੋਲ (ਜਾਂ ਉਸ ਤੋਂ ਫ਼ੀਡਿੰਗ ਬੈਗ ਨੂੰ ਲਟਕਾਉਣ ਲਈ ਕੋਈ ਚੀਜ਼)
- ਆਪਣੇ ਹੱਥਾਂ ਨੂੰ ਧੋਵੋ।


- ਸਹੀ ਟਿਊਬ ਪਾਉਣ ਦੀ ਜਾਂਚ ਕਰੋ।
- ਖਾਲੀ ਸਰਿੰਜ ਨੂੰ NG ਟਿਊਬ ਨਾਲ ਜੋੜੋ ਅਤੇ ਟਿਊਬ ਨੂੰ ਸਾਫ਼ ਕਰਨ ਲਈ ਹਵਾ ਨਾਲ ਹੌਲੀ ਹੌਲੀ ਫਲੱਸ਼ ਕਰੋ। ਫਿਰ ਪੇਟ ਵਿਚਲੀ ਲਗਭਗ 2 mL ਸਮੱਗਰੀ ਨੂੰ ਕੱਢਣ ਲਈ ਪਲੰਜਰ ਨੂੰ ਵਾਪਸ ਖਿੱਚੋ।
- pH ਟੈਸਟਿੰਗ ਪੇਪਰ ਨੂੰ ਪੇਟ ਵਿਚਲੀ ਸਮੱਗਰੀ ਨਾਲ ਗਿੱਲਾ ਕਰੋ ਅਤੇ ਕੰਟੇਨਰ 'ਤੇ ਲੱਗੇ ਲੇਬਲ ਨਾਲ ਰੰਗ ਦੀ ਤੁਲਨਾ ਕਰੋ। pH 5.5 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਬੱਚੇ ਦੇ ਸਿਹਤ-ਸੰਭਾਲ ਪ੍ਰਦਾਨਕ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਕਿੰਨੇ pH ਦੀ ਉਮੀਦ ਕੀਤੀ ਜਾਵੇ।
- ਜੇਕਰ ਤੁਹਾਡਾ ਬੱਚਾ ਪੇਟ ਦੇ ਐਸਿਡ ਨੂੰ ਦਬਾਉਣ ਵਾਲੀਆਂ ਦਵਾਈਆਂ ਲੈ ਰਿਹਾ ਹੈ ਜਾਂ ਹਾਲ ਹੀ ਵਿੱਚ ਉਸਨੂੰ ਦੁੱਧ ਪਿਲਾਇਆ ਗਿਆ ਹੈ ਤਾਂ pH 5.5 ਤੋਂ ਉੱਪਰ ਹੋ ਸਕਦਾ ਹੈ। ਜੇਕਰ ਅਜਿਹਾ ਹੈ, ਤਾਂ ਜਾਂਚ ਕਰੋ ਕਿ ਪੇਟ ਦੀ ਸਮੱਗਰੀ ਤੁਹਾਡੇ ਬੱਚੇ ਦੇ ਪੇਟ ਦੀ ਆਮ ਸਮੱਗਰੀ ਵਰਗੀ ਦਿਖਾਈ ਦਿੰਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਜਾਂ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਟਿਊਬ ਦੀ ਵਰਤੋਂ ਨਾ ਕਰੋ। NG ਟਿਊਬ ਨੂੰ ਹਟਾਓ ਅਤੇ ਦੁਬਾਰਾ ਲਗਾਓ, ਫਿਰ pH ਨਾਲ ਪਲੇਸਮੈਂਟ ਦੀ ਪੁਸ਼ਟੀ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।
- ਜੇਕਰ pH 5.5 ਤੋਂ ਉੱਪਰ ਹੈ ਅਤੇ ਤੁਹਾਡਾ ਬੱਚਾ ਪੇਟ ਦੇ ਐਸਿਡ ਨੂੰ ਦਬਾਉਣ ਵਾਲੀਆਂ ਦਵਾਈਆਂ ਨਹੀਂ ਲੈਂਦਾ ਜਾਂ ਹਾਲ ਹੀ ਵਿੱਚ ਉਸਨੂੰ ਦੁੱਧ ਨਹੀਂ ਪਿਲਾਇਆ ਗਿਆ ਹੈ ਤਾਂ ਹੋ ਸਕਦਾ ਹੈ ਕਿ ਟਿਊਬ ਪੇਟ ਵਿੱਚ ਨਾ ਹੋਵੇ। NG ਟਿਊਬ ਦੀ ਵਰਤੋਂ ਨਾ ਕਰੋ। NG ਟਿਊਬ ਨੂੰ ਹਟਾਓ ਅਤੇ ਦੁਬਾਰਾ ਲਗਾਓ, ਫਿਰ pH ਨਾਲ ਪਲੇਸਮੈਂਟ ਦੀ ਪੁਸ਼ਟੀ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।
- ਜੇਕਰ ਤੁਹਾਨੂੰ pH ਟੈਸਟ ਕਰਨ ਲਈ ਪੇਟ ਦੇ ਸਮੱਗਰੀ ਨੂੰ ਵਾਪਸ ਖਿੱਚਣ ਵਿੱਚ ਔਖ ਆਉਂਦੀ ਹੈ, ਤਾਂ ਹੇਠ ਲਿਖੀਆਂ ਵਿਧੀਆਂ ਅਜ਼ਮਾਓ:
- ਇੱਕ ਵੱਡੀ ਸਰਿੰਜ ਦੀ ਵਰਤੋਂ ਕਰੋ ਅਤੇ ਟਿਊਬ ਨੂੰ ਡਿੱਗਣ ਤੋਂ ਰੋਕਣ ਲਈ ਵਧੇਰੇ ਹੌਲੀ ਹੌਲੀ ਵਾਪਸ ਖਿੱਚੋ।
- NG ਟਿਊਬ ਰਾਹੀਂ ਪੇਟ ਵਿੱਚ 1 ਤੋਂ ਲੈਕੇ 2 mL ਹਵਾ ਪੁਸ਼ ਕਰੋ ਅਤੇ ਸਰਿੰਜ 'ਤੇ ਹੌਲੀ ਹੌਲੀ ਵਾਪਸ ਖਿੱਚੋ।
- ਪੇਟ ਵਿੱਚ ਟਿਊਬ ਦੀ ਸਥਿਤੀ ਨੂੰ ਹਿਲਾਉਣ ਲਈ ਆਪਣੇ ਬੱਚੇ ਨੂੰ ਕੁਝ ਮਿੰਟਾਂ ਲਈ ਉਨ੍ਹਾਂ ਦੇ ਖੱਬੇ ਪਾਸੇ ਲਿਟਾ ਕੇ ਉਸਦੀ ਪੋਜ਼ਿਸ਼ਨ ਨੂੰ ਬਦਲੋ।
- ਜੇਕਰ ਤੁਸੀਂ ਅਜੇ ਵੀ pH ਦੀ ਜਾਂਚ ਕਰਨ ਲਈ ਪੇਟ ਦੀ ਸਮੱਗਰੀ ਤੱਕ ਪਹੁੰਚਣ ਵਿੱਚ ਅਸਮਰੱਥ ਹੋ, ਤਾਂ ਟਿਊਬ ਨੂੰ ਹਟਾਉਣ ਅਤੇ ਇਸਨੂੰ ਦੁਬਾਰਾ ਪਾਉਣ ਬਾਰੇ ਵਿਚਾਰ ਕਰੋ, ਫਿਰ ਪੇਟ ਦੀ ਸਮੱਗਰੀ ਦੀ ਜਾਂਚ ਕਰੋ ਜਾਂ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।


- ਫੀਡਿੰਗ ਬੈਗ ਟਿਊਬਿੰਗ 'ਤੇ ਕਲੈਂਪ ਨੂੰ ਬੰਦ ਕਰੋ।
- ਫ਼ੀਡ ਨੂੰ ਫ਼ੀਡਿੰਗ ਬੈਗ ਵਿੱਚ ਪਾਓ, ਸੀਲ ਨੂੰ ਕੱਸ ਕੇ ਬੰਦ ਕਰੋ ਅਤੇ ਬੈਗ ਨੂੰ ਆਪਣੇ ਬੱਚੇ ਦੇ ਪੇਟ ਦੇ ਪੱਧਰ ਤੋਂ ਉੱਪਰ ਲਟਕਾ ਦਿਓ।
- ਫ਼ੀਡ ਨੂੰ ਟਿਊਬਿੰਗ ਤੋਂ ਸਾਰੀ ਹਵਾ ਨੂੰ ਬਾਹਰ ਧੱਕਣ ਦੇ ਯੋਗ ਬਣਾਉਣ ਲਈ ਕਲੈਂਪ ਨੂੰ ਖੋਲ੍ਹੋ। ਇੱਕ ਵਾਰ ਜਦੋਂ ਤੁਸੀਂ ਟਿਊਬਿੰਗ ਦੇ ਅੰਤ ਤੋਂ ਤਰਲ ਪਦਾਰਥ ਨੂੰ ਬਾਹਰ ਨਿਕਲਦੇ ਵੇਖਦੇ ਹੋ ਤਾਂ ਕਲੈਂਪ ਨੂੰ ਬੰਦ ਕਰ ਦਿਓ।
- ਟਿਊਬਿੰਗ ਨੂੰ ਆਪਣੇ ਬੱਚੇ ਦੀ NG ਟਿਊਬ ਨਾਲ ਕਨੈਕਟ ਕਰੋ। ਤੁਹਾਡੇ ਬੱਚੇ ਦੀ NG ਟਿਊਬ ਵਿੱਚ ਹਵਾ ਸਮੱਸਿਆਵਾਂ ਦਾ ਕਾਰਨ ਨਹੀਂ ਬਣੇਗੀ।
- ਲੋੜੀਂਦੀ ਪ੍ਰਵਾਹ ਦਰ ਪ੍ਰਾਪਤ ਕਰਨ ਲਈ ਕਲੈਂਪ ਨੂੰ ਹੌਲੀ-ਹੌਲੀ ਖੋਲ੍ਹੋ। ਅਜਿਹਾ ਕਰਨ ਲਈ, ਵੇਖੋ ਕਿ ਫ਼ੀਡਿੰਗ ਬੈਗ ਦੇ ਹੇਠਾਂ ਸਥਿਤ ਪਾਰਦਰਸ਼ੀ ਡ੍ਰਿੱਪ ਚੈਂਬਰ ਵਿੱਚ ਤਰਲ ਕਿੰਨੀ ਤੇਜ਼ੀ ਨਾਲ ਟਪਕਦਾ ਹੈ। ਮੁਕਾਬਲਤਨ ਤੇਜ਼ ਡ੍ਰਿੱਪ ਦਾ ਮਤਲਬ ਹੈ ਕਿ ਫ਼ੀਡ ਵਧੇਰੇ ਜਲਦੀ ਅੰਦਰ ਜਾਵੇਗੀ।
- ਇਹ ਯਕੀਨੀ ਬਣਾਓ ਕਿ ਫ਼ੀਡ ਦੌਰਾਨ ਟਿਊਬ ਆਪਣੀ ਜਗ੍ਹਾ 'ਤੇ ਰਹੇ। ਜਦੋਂ ਤੁਹਾਡਾ ਬੱਚਾ NG ਟਿਊਬ ਦੀ ਵਰਤੋਂ ਕਰਕੇ ਫ਼ੀਡ ਲੈ ਰਿਹਾ ਹੋਵੇ ਤਾਂ ਉਸਦੀ ਨਿਰੰਤਰ ਜਾਂ ਵਧੀ ਹੋਈ ਨਿਗਰਾਨੀ ਬਾਰੇ ਆਪਣੇ ਬੱਚੇ ਦੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ। ਜਿਹੜੇ ਬੱਚੇ ਤੁਹਾਨੂੰ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੀ ਟਿਊਬ ਹਿੱਲ ਗਈ ਹੈ ਜਾਂ ਉਹ ਬੇਅਰਾਮੀ ਵਿੱਚ ਹਨ, ਉਨ੍ਹਾਂ ਨੂੰ ਵਧੇਰੇ ਨਿਗਰਾਨੀ ਦੀ ਲੋੜ ਹੋ ਸਕਦੀ ਹੈ।
- ਜਦੋਂ ਫ਼ੀਡ ਦੇ ਦਿੱਤੀ ਜਾਂਦੀ ਹੈ, ਤਾਂ ਕਲੈਂਪ ਨੂੰ ਬੰਦ ਕਰੋ ਅਤੇ NG ਟਿਊਬ ਤੋਂ ਫ਼ੀਡ ਟਿਊਬਿੰਗ ਨੂੰ ਹਟਾ ਦਿਓ। ਇਸ ਨੂੰ ਇਕ ਪਾਸੇ ਰੱਖ ਦਿਓ।
- ਜੇ ਤੁਹਾਡਾ ਬੱਚਾ ਆਪਣੀ ਫ਼ੀਡਿੰਗ ਟਿਊਬ ਨੂੰ ਅੰਦਰ ਰੱਖਦਾ ਹੈ, ਤਾਂ ਫ਼ੀਡਾਂ ਦੇ ਵਿਚਕਾਰ ਕਿਸੇ ਵੀ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਲਈ ਟਿਊਬ ਨੂੰ 5 mL ਪਾਣੀ ਨਾਲ ਫਲੱਸ਼ ਕਰੋ। ਛੋਟੀਆਂ ਟਿਊਬਾਂ ਨੂੰ ਫਲੱਸ਼ ਕਰਨ ਲਈ 1 ਤੋਂ 2 ਮਿ.ਲੀ. ਪਾਣੀ ਦੀ ਵਰਤੋਂ ਕਰੋ।
- NG ਟਿਊਬ ਨੂੰ ਬੰਦ ਕਰ ਦਿਓ।
ਜੇਕਰ ਤੁਹਾਡੇ ਬੱਚੇ ਦੀ ਟਿਊਬ ਵੱਖ-ਵੱਖ ਫੀਡਿੰਗਾਂ ਵਿਚਕਾਰ ਕੱਢ ਦਿੱਤੀ ਜਾਂਦੀ ਹੈ, ਤਾਂ ਦੁੱਧ ਪਿਲਾਉਣ ਤੋਂ 30 ਮਿੰਟ ਬਾਅਦ ਉਡੀਕ ਕਰੋ, ਫਿਰ ਟੇਪ ਨੂੰ ਹਟਾਓ ਅਤੇ ਹੌਲੀ-ਹੌਲੀ ਟਿਊਬ ਨੂੰ ਉਸਦੇ ਨੱਕ ਤੋਂ ਕੱਢੋ।
ਟਿਊਬ ਨੂੰ ਕਦੋਂ ਫਲੱਸ਼ ਕਰਨਾ ਹੈ
NG ਟਿਊਬ ਨੂੰ ਹੇਠ ਦਿੱਤੇ ਅਨੁਸਾਰ ਫਲੱਸ਼ ਕਰੋ:
- ਹਰ ਫ਼ੀਡ ਦੇ ਅੰਤ 'ਤੇ
- ਦਵਾਈ ਦੇਣ ਤੋਂ ਬਾਅਦ
ਆਪਣੇ ਸਾਜ਼ੋ-ਸਾਮਾਨ ਨੂੰ ਸਾਫ਼ ਕਰਨਾ
- ਫ਼ੀਡਿੰਗ ਬੈਗ ਅਤੇ ਟਿਊਬਿੰਗ ਨੂੰ ਹਰ ਫ਼ੀਡ ਦੇ ਬਾਅਦ ਗਰਮ ਸਾਬਣ ਵਾਲੇ ਪਾਣੀ ਨਾਲ ਫਲੱਸ਼ ਕਰੋ। ਚੰਗੀ ਤਰ੍ਹਾਂ ਧੋਣ ਲਈ, ਪਾਣੀ ਨੂੰ ਟਿਊਬਿੰਗ ਰਾਹੀਂ ਨਿਕਲਕੇ ਸਿੰਕ ਵਿੱਚ ਵਗਣ ਦਿਓ। ਟਿਊਬ ਅਤੇ ਬੈਗ ਨੂੰ ਹਵਾ ਨਾਲ ਸੁੱਕਣ ਦਿਓ। ਫ਼ੀਡਿੰਗ ਬੈਗ ਅਤੇ ਟਿਊਬਿੰਗ ਨੂੰ ਹਰ ਸੱਤ ਦਿਨਾਂ ਬਾਅਦ ਇੱਕ ਨਵੇਂ ਬੈਗ ਨਾਲ ਬਦਲੋ।
- ਸਰਿੰਜਾਂ ਨੂੰ ਵੱਖ ਕਰੋ ਅਤੇ ਸਰਿੰਜਾਂ ਨੂੰ ਗਰਮ ਸਾਬਣ ਵਾਲੇ ਪਾਣੀ ਨਾਲ ਧੋਵੋ। ਗਰਮ, ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਹਵਾ ਨੂੰ ਸੁੱਕਣ ਦਿਓ। ਹਰ ਸੱਤ ਦਿਨਾਂ ਬਾਅਦ ਸਰਿੰਜਾਂ ਨੂੰ ਨਵੀਆਂ ਸਰਿੰਜਾਂ ਨਾਲ ਬਦਲ ਦਿਓ।
- ਸਰਿੰਜਾਂ ਅਤੇ ਫ਼ੀਡਿੰਗ ਬੈਗਾਂ ਨੂੰ ਨਿਯਮਤ ਕੂੜੇਦਾਨ ਵਿੱਚ ਸੁੱਟਿਆ ਜਾ ਸਕਦਾ ਹੈ।
ਸਰੋਤ
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਨੈਸੋਗੈਸਟ੍ਰਿਕ (NG) ਟਿਊਬ:ਆਪਣੇ ਬੱਚੇ ਦੀ NG ਟਿਊਬ ਕਿਵੇਂ ਪਾਉਣੀ ਹੈ ਅਤੇ ਨੈਸੋਗੈਸਟ੍ਰਿਕ (NG) ਟਿਊਬ ਫ਼ੀਡਿੰਗ: ਆਮ ਸਮੱਸਿਆਵਾਂ ਨੂੰ ਵੇਖੇ।.