ਛਾਤੀ ਦਾ ਦਰਦ ਅਜਿਹੀ ਬੇਆਰਾਮੀ ਹੁੰਦੀ ਹੈ ਜਿਹੜੀ ਕਿ (delete) ਬੱਚਾ ਧੜ ਦੇ ਉਪਰਲੇ ਹਿੱਸੇ ਜਾਂ ਛਾਤੀ ਵਾਲੀ ਜਗ੍ਹਾ ਵਿੱਚ ਮਹਿਸੂਸ ਕਰਦਾ ਹੈ। ਇਹ ਦਰਦ ਅਣਸੁਖਾਵਾਂ ਸਰੀਰਕ ਜਾਂ ਭਾਵੁਕ ਅਹਿਸਾਸ ਹੋ ਸਕਦਾ ਹੈ। ਇਹ ਹਰੇਕ ਬੱਚੇ ਅੰਦਰ ਵੱਖ ਵੱਖ ਹੋ ਸਕਦਾ ਹੈ। ਬਾਲਗ਼ਾਂ ਤੋਂ ਉਲਟ, ਬੱਚਿਆਂ ਵਿੱਚ ਛਾਤੀ ਦਾ ਦਰਦ ਬਹੁਤ ਹੀ ਘੱਟ ਦਿਲ ਦੀ ਸਮੱਸਿਆ ਦੀ ਨਿਸ਼ਾਨੀ ਹੁੰਦਾ ਹੈ।
ਛਾਤੀ ਦੇ ਦਰਦ ਦੇ ਕਾਰਨ
ਬੱਚਿਆਂ ਵਿੱਚ ਛਾਤੀ ਦੀ ਦਰਦ ਦੇ ਕਈ ਕਾਰਨ ਹੁੰਦੇ ਹਨ। ਬੱਚਿਆਂ ਅੰਦਰ ਛਾਤੀ ਦਾ ਦਰਦ ਟਿਸ਼ੂ (ਤੰਤੂ) ਨੂੰ ਹੋਏ ਨੁਕਸਾਨ ਦੀ ਨਿਸ਼ਾਨੀ ਹੋ ਸਕਦਾ ਹੈ ‘ਤੇ ਨਹੀਂ ਵੀ। ਛਾਤੀ ਦੇ ਦਰਦ ਵਿੱਚ ਛਾਤੀ (ਚਮੜੀ, ਪੱਠੇ, ਜਾਂ ਪੱਸਲੀਆਂ) ਵਿੱਚ ਪੀੜ ਜਾਂ ਕਸਕ ਸ਼ਾਮਲ ਹੋ ਸਕਦੀ ਹੈ। ਐਪਰ, ਛਾਤੀ ਦਾ ਦਰਦ ਸਾਹ-ਨਾਲ਼ੀ (ਟਰੈਚਿਆ) ਅਤੇ ਫੇਫੜਿਆਂ, ਠੋਡੀ ਤੋਂ ਥੱਲੇ ਅਤੇ ਹਸਲੀ ਤੋਂ ਉੱਪਰ ਵਾਲੇ ਹਿੱਸੇ (ਐਸੋਫ਼ੈਗਸ), ਝਿੱਲੀ, ਤੰਤੂ ਅਤੇ ਰੀੜ੍ਹ ਦੀ ਹੱਡੀ, ਅਤੇ ਦਿਲ ਵਿੱਚੋਂ ਵੀ ਆ ਸਕਦਾ ਹੈ। ਛਾਤੀ ਦੇ ਵੱਖ ਵੱਖ ਹਿੱਸਿਆਂ ਵਾਲੇ ਤੰਤੂ ਇੱਕ ਦੂਜੇ ਦੇ ਹੇਠੋਂ-ਉੱਪਰੋਂ ਦੀ ਲੰਘਦੇ ਹੁੰਦੇ (delete) ਹਨ ਅਤੇ ਵੱਖ ਵੱਖ ਪੱਧਰ 'ਤੇ ਕਮਰੋੜ (ਰੀੜ੍ਹ ਦੀ ਹੱਡੀ) ਵਿੱਚ ਦਾਖ਼ਲ ਹੁੰਦੇ ਹਨ। ਇਸ ਕਾਰਨ ਬੱਚੇ ਵਾਸਤੇ ਠੀਕ ਠੀਕ ਇਹ ਦੱਸਣਾ ਜਾਂ ਵਿਖਾਉਣਾ ਔਖਾ ਹੋ ਜਾਂਦਾ ਹੈ ਕਿ ਦਰਦ ਕਿੱਥੇ ਹੁੰਦਾ ਹੈ। ਹੋ ਸਕਦਾ ਹੈ ਕਿ ਦਰਦ ਦਾ ਸੋਮਾ ਛਾਤੀ ਨਾਲ ਬਿਲਕੁਲ ਕੋਈ ਸੰਬੰਧ ਨਾ ਰੱਖਦਾ ਹੋਵੇ।
ਛਾਤੀ ਦੇ ਦਰਦ ਦੇ ਬਹੁਤੇ ਆਮ ਕਾਰਨਾਂ ਵਿੱਚੋਂ ਕੁਝ ਇੱਕ ਕਾਰਨ:
- ਕਾਸਟੋਕੌਨਡਰਾਈਟੀਸ: ਪੱਸਲੀ ਅਤੇ ਛਾਤੀ ਦੀ ਹੱਡੀ ਦੇ ਵਿਚਕਾਰ ਸੋਜ਼ਸ਼
- ਪੱਠਿਆਂ 'ਤੇ ਦਬਾਅ ਜਾਂ ਸੱਟ
- ਗੈਸਟਰੋਈਸਾਫ਼ਾਜੀਉਲ ਰੀਫ਼ਲਕਸ (ਢਿੱਡ ਅਤੇ ਫ਼ੇਫ਼ੜਿਆਂ ਵਿਚਕਾਰਲਾ ਰਸਤੇ ਵਿੱਚ ਤਰਲਾਂ ਦਾ ਅਸਧਾਰਨ ਪੁੱਠੇ ਪਾਸੇ ਨੂੰ ਵਹਾਅ)
- ਸਰੀਰਕ ਹਿੱਸਿਆਂ ਦੇ ਕਰਤੱਵ ਨਾਲ ਜਾਂ ਪਰੇਸ਼ਾਨੀ ਨਾਲ ਸੰਬੰਧਤ ਦਰਦ। ਇਹ 13 ਤੋਂ 19 ਸਾਲ ਦੇ ਅਜਿਹੇ ਯੁਵਕਾਂ ਵਿੱਚ ਅਕਸਰ ਹੁੰਦਾ ਹੈ। ਇਸ ਦੇ ਲੱਛਣਾਂ ਵਿੱਚ ਵਧੇਰੇ ਡੂੰਘੇ ਤੇਜ਼ੀ ਵਾਲੇ ਸਾਹ ਲੈਣੇ, ਡਿਗੂੰ ਡਿਗੂੰ ਕਰਨਾ, ਅਤੇ ਬੁੱਲ੍ਹਾਂ ਦਾ ਆਲਾ ਦੁਆਲਾ ਅਤੇ ਹੱਥਾਂ ਅਤੇ/ਜਾਂ ਪੈਰਾਂ ਦਾ ਸੁੰਨ ਹੋਣਾ ਅਤੇ ਝੁਣਝੁਣੀ ਆਉਣੀ, ਸ਼ਾਮਲ ਹੁੰਦੇ ਹਨ। ਬੇਸ਼ੱਕ, ਇਸ ਦਾ ਸ਼ਨਾਖ਼ਤਯੋਗ ਕੋਈ ਕਾਰਨ ਨਹੀਂ ਹੁੰਦਾ ਪਰ ਇਹ ਦਰਦ ਵਾਸਤਵਿਕ ਹੁੰਦਾ ਹੈ।
- ਕਸਰਤ ਕਾਰਨ ਹੋਣ ਵਾਲਾ ਦਮਾ, ਸਾਹ ਦੀ ਨਾਲ਼ੀ ਦੀ ਤਿੱਖੀ ਸੋਜ਼ਸ਼, ਜਾਂ ਖੰਘ ਕਾਰਨ ਹੁੰਦਾ ਦਰਦ।
ਬੱਚਿਆਂ ਵਿੱਚ ਛਾਤੀ ਦਾ ਦਰਦ ਬਹੁਤ ਹੀ ਘੱਟ ਹੁੰਦਾ ਹੈ ਅਤੇ ਆਮ ਤੌਰ ‘ਤੇ ਇਹ ਦਿਲ ਦੀ ਬਿਮਾਰੀ ਕਾਰਨ ਨਹੀਂ ਹੁੰਦਾ
ਬਾਲ ਚਿਕਿਤਸਾ ਲਈ ਐਮਰਜੈਂਸੀ ਪਹੁੰਚਣ ਵਾਲੇ ਬੱਚਿਆਂ ਵਿੱਚ ਛਾਤੀ ਦੇ ਦਰਦ ਦਾ ਕਾਰਨ 100 ਪਿੱਛੇ 1 ਤੋਂ ਵੀ ਘੱਟ ਹੁੰਦਾ ਹੈ। ਫ਼ਿਰ ਵੀ, ਇਹ ਮਰੀਜ਼ਾਂ ਅਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਲਈ ਭਾਰੀ ਬੇਚੈਨੀ ਪੈਦਾ ਕਰਦਾ ਹੈ।
ਬਹੁਤੀਆਂ ਹਾਲਤਾਂ ਵਿੱਚ ਬੱਚਿਆਂ ਦੀ ਛਾਤੀ ਦਾ ਦਰਦ ਫੇਫੜਿਆਂ ਦੀ ਲਾਗ, ਪੱਠੇ ਜਾਂ ਹੱਡੀ ਦੀ ਸੱਟ, ਪਰੇਸ਼ਾਨੀ, ਜਾਂ ਸੋਜ਼ਸ਼ ਕਾਰਨ ਹੁੰਦਾ ਹੈ। ਬਾਲਗ਼ਾਂ ਦੇ ਉਲਟ, ਬੱਚਿਆਂ ਵਿੱਚ ਦਿਲ ਦੀ ਬਿਮਾਰੀ ਕਾਰਨ ਛਾਤੀ ਦਾ ਦਰਦ ਬਹੁਤ ਹੀ ਘੱਟ ਹੁੰਦਾ ਹੈ।
ਅਚਾਨਕ, ਬੇਵਜ੍ਹਾ ਹੋਈ ਮੌਤ, ਦਿਲ ਦੀ ਬਿਮਾਰੀ, ਕਸਰਤ ਨਾ ਸਹਾਰ ਸਕਣ, ਛੋਟੇ ਹੁੰਦਿਆਂ ਦਿਲ ਦੀ ਲੱਗੀ ਬਿਮਾਰੀ, ਜਾਂ ਸੋਜ਼ਸ਼ ਜਾਂ ਗਠੀਏ ਦੇ ਦਰਦ ਦੀਆਂ ਬਿਮਾਰੀਆਂ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਕਦੇ ਵਾਪਰੀਆਂ ਹੋਣ ਤਾਂ ਤੁਸੀਂ ਇਨ੍ਹਾਂ ਬਾਰੇ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ। ਅਜਿਹੇ ਬਹੁਤ ਸਾਰੇ ਮਾਮਲਿਆਂ ਵਿੱਚ ਦਿਲ ਦੀ ਤਕਲੀਫ਼ ਕਾਰਨ ਅਚਾਨਕ ਮੌਤ ਹੋ ਜਾਂਦੀ ਹੈ ਜਿਸ ਬਾਰੇ ਵਿਅਕਤੀ ਦੀ ਮੌਤ ਤੋਂ ਪਹਿਲਾਂ ਪਤਾ ਨਹੀਂ ਹੁੰਦਾ।
ਛਾਤੀ ਦੇ ਦਰਦ ਲਈ ਤੁਹਾਡਾ ਡਾਕਟਰ ਕੀ ਕਰ ਸਕਦਾ ਹੈ
ਡਾਕਟਰ ਤੁਹਾਡੇ ਬੱਚੇ ਦਾ ਮੁਆਇਨਾ ਕਰੇਗਾ। ਆਮ ਤੌਰ ਤੇ, ਛਾਤੀ ਦੇ ਦਰਦ ਦੇ ਕਾਰਨ ਦਾ ਪਤਾ ਦਰਦ ਦੇ ਵੇਰਵੇ ਅਤੇ ਸਰੀਰਕ ਮੁਆਇਨੇ ਤੋਂ ਲੱਗ ਜਾਂਦਾ ਹੈ। ਬਹੁਤਾ ਕਰ ਕੇ, ਟੈਸਟ ਕਰਵਾਉਣ ਦੀ ਲੋੜ ਨਹੀਂ ਪੈਂਦੀ। ਜੇ ਡਾਕਟਰ ਟੈਸਟ ਕਰਵਾਉਣ ਲਈ ਕਹਿੰਦਾ ਹੈ ਤਾਂ ਇਨ੍ਹਾਂ ਵਿੱਚ ਅਲੈਕਟੋਕਾਰਡਿਓਗਰਾਮ (ECG), ਛਾਤੀ ਦਾ ਐਕਸ-ਰੇਅ ਅਤੇ/ਜਾਂ ਖ਼ੂਨ ਦੇ ਟੈਸਟ ਸ਼ਾਮਲ ਹੁੰਦੇ ਹਨ। ਟੈਸਟਾਂ ਦੀ ਜਾਣਕਾਰੀ ਦੇ ਆਧਾਰ ‘ਤੇ ਤੁਹਾਡਾ ਡਾਕਟਰ ਤਸ਼ਖੀਸ਼ ਮੁਹਈਆ ਕਰੇਗਾ।
ਛਾਤੀ ਵਿੱਚ ਦਰਦ ਹੋਣ ਵਾਲੇ ਕੁਝ ਬੱਚਿਆਂ ਨੂੰ ਦਿਲ ਦੇ ਸਪੈਸ਼ਲਿਸਟ (ਮਾਹਰ ਡਾਕਟਰ) ਨੂੰ ਮਿਲਣ ਦੀ ਲੋੜ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਸਪੈਸ਼ਲਿਸਟ ਕੋਲ ਭੇਜਿਆ ਜਾਂਦਾ ਹੈ ਤਾਂ ਜਦੋਂ ਤੱਕ ਤੁਸੀਂ ਸਪੈਸ਼ਲਿਸਟ ਕੋਲ ਨਹੀਂ ਜਾਂਦੇ ਉਦੋਂ ਤੱਕ ਡਾਕਟਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੋ।
ਬੱਚਿਆ ਦੇ ਵਿਸ਼ੇਸ਼ ਗਰੁੱਪ ਜਿਨ੍ਹਾਂ ਵਿੱਚ ਛਾਤੀ ਦਾ ਦਰਦ ਬਹੁਤ ਚਿੰਤਾ ਵਾਲੀ ਗੱਲ ਹੁੰਦੀ ਹੈ ਉਨ੍ਹਾਂ ਵਿੱਚ ਇਹ ਸ਼ਾਮਲ ਹਨ:
- ਬੱਚੇ ਜਿਨ੍ਹਾਂ ਦਾ ਪਹਿਲਾਂ ਵੀ ਦਿਲ ਦਾ ਅਪਰੇਸ਼ਨ ਹੋਇਆ ਹੋਵੇ
- ਜਿਹੜੇ ਬੱਚੇ ਭਾਰੀ ਸਦਮੇਂ ਵਿੱਚੋਂ ਗੁਜ਼ਰੇ ਹੋਣ ਜਿਵੇਂ ਕਿ ਕਾਰ ਦੇ ਐਕਸੀਡੈਂਟ ਜਾਂ ਛਾਤੀ ਦੀ ਗੰਭੀਰ ਸੱਟ
- ਸਿਸਟਿਕ ਫ਼ਾਈਬਰੋਸਿਜ਼ ਦੇ ਸ਼ਿਕਾਰ ਬੱਚੇ
- ਸਿਕਲ ਸੈਲ (ਹੀਮੋਗਲੋਬਿਨ) ਦੀ ਅਸਧਾਰਨ ਕਿਸਮ ਦੀ ਬਿਮਾਰੀ ਵਾਲੇ ਬੱਚੇ
ਛਾਤੀ ਦੇ ਦਰਦ ਵਾਲੇ ਆਪਣੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ
ਦਰਦ ਦਾ ਇਲਾਜ ਕਰੋ
ਆਪਣੇ ਬੱਚੇ ਨੂੰ ਦਰਦ ਹਟਾਉਣ ਵਾਲੀਆਂ ਦਵਾਈਆਂ, ਜਿਵੇਂ ਕਿ ਅਸੈਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੋਟਰਿਨ, ਐਡਵਿੱਲ, ਜਾਂ ਦੂਜੇ ਬਰੈਂਡ) ਦਿਓ। ਪੀੜ ਵਾਲੀ ਜਗ੍ਹਾ 'ਤੇ ਗਰਮ ਜਾਂ ਠੰਡਾ ਪੈਕ ਰੱਖਣ ਨਾਲ ਵੀ ਦਰਦ ਨੂੰ ਮਦਦ ਹੁੰਦੀ ਹੈ।
ਕਠਨ ਕਿਰਿਆ ਤੋਂ ਪਰਹੇਜ਼ ਕਰੋ
ਜੇ ਛਾਤੀ ਦਾ ਦਰਦ ਪੱਠਿਆਂ ਦੇ ਖਿੱਚੇ ਜਾਣ ਕਾਰਨ ਹੈ ਤਾਂ ਤੁਹਾਡੇ ਬੱਚੇ ਨੂੰ ਕਠਨ ਕਿਰਿਆਵਾਂ ਅਤੇ ਭਾਰੀ ਬੋਝ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਦ ਦੀ ਮਾਤਰਾ 'ਤੇ ਨਿਰਭਰ ਕਰਦਿਆਂ ਹੋਇਆਂ ਉਹ ਹੌਲ਼ੀ ਹੌਲ਼ੀ ਕਿਰਿਆ ਕਰਨੀ ਸ਼ੁਰੂ ਕਰ ਸਕਦਾ ਹੈ। ਬੈਕਪੈਕ ਚੁੱਕਣ ਕਾਰਨ ਪੈਂਦੀ ਖਿੱਚ ਨੂੰ ਸਹੀ ਢੰਗ ਨਾਲ ਬੈਕਪੈਕ ਚੁੱਕਣ ਰਾਹੀਂ ਘਟਾਇਆ ਜਾ ਸਕਦਾ ਹੈ। ਤੁਹਾਡੇ ਬੱਚੇ ਨੂੰ ਬੈਕਪੈਕ ਦੋਵਾਂ ਮੋਢਿਆਂ ਉੱਪਰ ਚੁੱਕਣਾ ਚਾਹੀਦਾ ਹੈ ਨਾ ਕਿ ਇੱਕ ਪਾਸੇ।
ਵਧੇਰੇ ਇਲਾਜ ਛਾਤੀ ਦੀ ਦਰਦ ਦੇ ਕਾਰਨ 'ਤੇ ਨਿਰਭਰ ਕਰਦਾ ਹੈ। ਆਪਣੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:
- ਦਰਦ ਠੀਕ ਨਾ ਹੁੰਦਾ ਹੋਵੇ ਅਤੇ/ਜਾਂ ਇਹ ਤੁਹਾਡੇ ਬੱਚੇ ਦੇ ਨਿਤਾਪ੍ਰਤੀ ਜੀਵਨ ਉੱਤੇ ਅਸਰ ਪਾਉਂਦਾ ਹੋਵੇ।
- ਤੁਹਾਡੇ ਬੱਚੇ ਨੂੰ ਛਾਤੀ ਦਾ ਦਰਦ ਅਤੇ ਬੁਖ਼ਾਰ ਹੋਵੇ।
ਨਜ਼ਦੀਕੀ ਐਮਰਜੈਂਸੀ ਵਿਭਾਗ ਪਹੁੰਚੋ ਜਾਂ 911 ਨੂੰ ਫ਼ੋਨ ਕਰੋ ਜੇ:
- ਦਰਦ ਕਠਨ ਕਿਰਿਆ ਕਰਨ ਦੌਰਾਨ ਅਚਾਨਕ ਹੋਇਆ ਹੋਵੇ ਅਤੇ/ਜਾਂ ਇਸ ਨਾਲ ਬੇਹੋਸ਼ੀ ਹੋਈ ਹੋਵੇ।
- ਤੁਹਾਡਾ ਬੱਚਾ ਮਹਿਸੂਸ ਕਰਦਾ ਹੋਵੇ ਕਿ ਉਸ ਦਾ ਦਿਲ ਤੇਜ਼ ਦੌੜ ਰਿਹਾ ਹੈ, ਜਾਂ ਦਰਦ ਕਾਰਨ ਸਿਰ ਨੂੰ ਚੱਕਰ ਆਉਂਦੇ ਹੋਣ ਜਾਂ ਪਸੀਨਾ ਆਉਂਦਾ ਹੋਵੇ।
- ਜੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ ਜਾਂ ਉਸ ਦਾ ਰੰਗ ਨੀਲਾ ਹੁੰਦਾ ਹੋਵੇ।
- ਤੁਹਾਡਾ ਬੱਚਾ ਆਮ ਨਾਲੋਂ ਵੱਧ ਉਨੀਂਦਰਾ ਵਿਖਾਈ ਦੇਵੇ, ਕਮਜ਼ੋਰ ਹੋਵੇ ਜਾਂ ਚਿੜਚਿੜਾ ਹੋਵੇ, ਅਤੇ ਉਸ ਨੂੰ ਬਹੁਤ ਬੁਖ਼ਾਰ ਹੋਵੇ।
ਮੁੱਖ ਨੁਕਤੇ
- ਬੱਚਿਆਂ ਵਿੱਚ ਛਾਤੀ ਦੇ ਦਰਦ ਦਾ ਸੰਬੰਧ ਦਿਲ ਨਾਲ ਬਹੁਤ ਹੀ ਘੱਟ ਹੁੰਦਾ ਹੈ।
- ਬਹੁਤੇ ਬੱਚਿਆਂ ਨੂੰ ਦਿਲ ਦੇ ਰੋਗਾਂ ਦੇ ਸਪੈਸ਼ਲਿਸਟ ਕੋਲ ਜਾਣ ਦੀ ਲੋੜ ਨਹੀਂ ਹੁੰਦੀ।
- ਛਾਤੀ ਦੇ ਬਹੁਤੇ ਦਰਦ ਫੇਫੜਿਆਂ ਦੀ ਲਾਗ, ਪੱਠੇ, ਨਸ (ਟੈਂਡਨ) ਜਾਂ ਹੱਡੀ ਨੂੰ ਸੱਟ, ਪਰੇਸ਼ਾਨੀ ਜਾਂ ਸੋਜ਼ਸ਼ ਕਾਰਨ ਹੁੰਦੇ ਹਨ।
- ਜੇ ਛਾਤੀ ਦੀ ਦਰਦ ਦੇ ਨਾਲ ਤੇਜ਼ ਬੁਖ਼ਾਰ, ਕਮਜ਼ੋਰੀ, ਦਿਲ ਦਾ ਤੇਜ਼ ਦੌੜਨਾ, ਘਬਰਾਹਟ, ਪਸੀਨਾ ਆਉਂਦਾ ਹੋਵੇ, ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।