ਸਿਰ ਦਰਦ

Headache in children [ Punjabi ]

PDF download is not available for Arabic and Urdu languages at this time. Please use the browser print function instead

ਤੁਹਾਡੇ ਬੱਚੇ ਨੂੰ ਕਈ ਵੱਖ-ਵੱਖ ਕਾਰਨਾਂ ਕਰਕੇ ਸਿਰ ਦਰਦ ਹੋ ਸਕਦਾ ਹੈ। ਉਨ੍ਹਾਂ ਕਾਰਨਾਂ ਦਾ ਪਤਾ ਕਰੋ ਕਿ ਉਹ ਕੀ ਹਨ, ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ।

ਸਿਰ ਦਰਦ ਕੀ ਹੁੰਦਾ ਹੈ?

ਸਿਰ ਦਰਦ ਸਿਰ ਦੇ ਕਿਸੇ ਹਿੱਸੇ ਵਿੱਚ ਹੋਣ ਵਾਲੇ ਦਰਦ ਨੂੰ ਕਿਹਾ ਜਾਂਦਾ ਹੈ। ਸਿਰ ਦਰਦ ਆਮ ਕਰ ਕੇ 13-19 ਸਾਲ ਦੀ ਉਮਰ ਦੇ ਯੁਵਕਾਂ ਜਾਂ ਵੱਡੇ ਬੱਚਿਆਂ ਵਿੱਚ ਹੁੰਦਾ ਹੈ। ਛੋਟੇ ਬੱਚਿਆ ਨੂੰ ਵੀ ਸਿਰ ਦਰਦ ਹੋ ਸਕਦਾ ਹੈ।

ਬਹੁਤੇ ਸਿਰ ਦਰਦ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੁੰਦੇ।

ਸਿਰ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣ

ਸਿਰ ਦਰਦ ਇੱਕ ਤਿੱਖੇ ਦਰਦ, ਫ਼ਰਕਵੀਂ ਸਨਸਨੀ, ਜਾਂ ਧੀਮੀ ਪੀੜ ਹੋਣ ਵਾਂਗ ਹੁੰਦਾ ਹੈ। ਇਹ ਦਰਦ ਸਿਰ ਦੇ ਇੱਕ ਜਾਂ ਦੋਹਾਂ ਪਾਸੇ ਹੋ ਸਕਦਾ ਹੈ। ਤੁਹਾਡਾ ਬੱਚਾ ਦਰਦ ਨੂੰ ਸਿਰ ਦੇ ਕੇਵਲ ਇੱਕ ਹਿੱਸੇ ਵਿੱਚ ਵੀ ਮਹਿਸੂਸ ਕਰ ਸਕਦਾ ਹੈ।

ਆਪਣੇ ਬੱਚੇ ਨੂੰ ਇਸ ਨਾਲ ਸੰਬੰਧਤ ਹੇਠ ਦਰਜ ਲੱਛਣਾਂ ਬਾਰੇ ਪੁੱਛੋ, ਜਿਵੇਂ ਕਿ

  • ਧਿਆਨ ਟਿਕਾਉਣ, ਯਾਦ ਸ਼ਕਤੀ, ਜਾਂ ਬੋਲਣ ਸ਼ਕਤੀ
  • ਬਾਂਹ ਜਾਂ ਲੱਤ ਵਿੱਚ ਕਮਜ਼ੋਰੀ
  • ਨਜ਼ਰ ਜਾਂ ਸੁਣਨ ਵਿੱਚ ਤਬਦੀਲੀਆਂ
  • ਬੁਖ਼ਾਰ
  • ਬਲਗ਼ਮ ਜਾਂ ਕਿਸੇ ਮਾਦੇ ਦਾ ਇੱਕ ਥਾਂ ਇਕੱਤਰ ਹੋ ਜਾਣਾ
  • ਦਿਲ ਕੱਚਾ ਹੋਣਾ ਜਾਂ ਉਲਟੀਆਂ ਆਉਣੀਆਂ

  ਅਜਿਹੀਆਂ ਗੱਲਾਂ ਦਾ ਧਿਆਨ ਰੱਖੋ ਜਿਨ੍ਹਾਂ ਨਾਲ ਸਿਰ ਦਰਦ ਸ਼ੁਰੂ ਹੁੰਦਾ ਹੋਵੇ, ਜਿਵੇਂ ਕਿ:

  • ​ਨੀਂਦ ਦੀ ਘਾਟ
  • ਭੋਜਨ
  • ਵੀਡੀਓ ਗੇਮਾਂ ਦੀ ਵਰਤੋਂ, ਟੀਵੀ ਵੇਖਣਾ ਜਾਂ ਜਗਦੀਆਂ-ਬੁੱਝਦੀਆਂ ਲਾਈਟਾਂ
  • ਸਿਰ ਨੂੰ ਪਹਿਲਾਂ ਕਦੇ ਸੱਟ ਲੱਗੀ ਹੋਵੇ

ਸਿਰ ਦਰਦ ਦੇ ਕਾਰਨ

ਸਿਰ ਦਰਦ ਮੂਲਕ ਅਤੇ ਬਾਦ ਵਿੱਚ ਹੋਣ ਵਾਲੇ ਹੋ ਸਕਦੇ ਹਨ। ਮੂਲਕ ਸਿਰ ਦਰਦ ਦਿਮਾਗ ਵਿੱਚ ਰਸਾਇਣਾਂ ਦੀਆਂ ਤਬਦੀਲੀਆਂ, ਨਸ ਜਾਂ ਖ਼ੂਨ ਵਾਲੀਆਂ ਨਾੜੀਆਂ ਦੇ ਕਾਰਜ, ਜਾਂ ਸਿਰ ਜਾਂ ਗਰਦਨ ਵਿੱਚ ਪੱਠਿਆਂ ਨੂੰ ਖਿੱਚ ਪੈਣ ਨਾਲ ਸੰਬੰਧਤ ਹੁੰਦਾ ਹੈ।

ਬਾਦ ਵਿੱਚ ਹੋਣ ਵਾਲਾ ਸਿਰ ਦਰਦ ਤੁਹਾਡੇ ਬੱਚੇ ਨੂੰ ਹੋਈ ਕਿਸੇ ਹੋਰ ਡਾਕਟਰੀ ਹਾਲਤ ਕਾਰਨ ਹੁੰਦਾ ਹੈ। ਇਨ੍ਹਾਂ ਵਿੱਚ ਇਹ ਸ਼ਾਮਲ ਹੁੰਦੇ ਹਨ:

 • ਛੋਟੀਆਂ ਜਾਂ ਵੱਡੀਆਂ ਲਾਗਾਂ
 • ਅਲਰਜੀਆਂ
 • ਦਵਾਈਆਂ, ਮਾਨਸਿਕ ਤਣਾਅ, ਜਾਂ ਪਰੇਸ਼ਾਨੀ ਦੇ ਅਸਰ
 • ਕੁਝ ਭੋਜਨਾਂ ਜਾਂ ਉਨ੍ਹਾਂ ਦੇ ਤੱਤਾਂ ਪ੍ਰਤੀ ਸੰਵੇਦਨਸ਼ੀਲਤਾ
 • ਸਿਰ ਦੀ ਸੱਟ
 • ਸਾਇਨਸ ਦੀ ਖੁਜਲੀ (ਪਰੇਸ਼ਾਨੀ)
 • ਦੰਦਾਂ ਜਾਂ ਟੀ ਐੱਮ ਜੇ (ਟੈਂਪਰੋਮੈਂਡਬੂਲਰ ਜਾਇਂਟ) ਦੇ ਸਰੋਤ
 • ਡਰੱਗਾਂ ਜਾਂ ਜ਼ਹਿਰੀਲੀਆਂ ਵਸਤਾਂ ਦੀ ਵਰਤੋਂ ਕਾਰਨ
 • ਦਿਮਾਗ ਦੀਆਂ ਸਮੱਸਿਆਵਾਂ ਜਿਵੇਂ ਕਿ ਐਨਿਓਰਿਜ਼ਮਜ਼ ਜਾਂ ਰਸੌਲੀਆਂ
 • ਕਈ ਹੋਰ ਕਾਰਨਾਂ ਕਰ ਕੇ

ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡੇ ਬੱਚੇ ਦਾ ਸਿਰ ਦਰਦ ਹੇਠ ਦਰਜ ਕਾਰਨਾਂ ਵਿੱਚੋਂ ਇੱਕ ਕਾਰਨ ਕਰਕੇ ਹੁੰਦਾ ਹੈ:

 • ਜ਼ੁਕਾਮ, ਫ਼ਲੂ ਜਾਂ ਵਾਇਰਸ ਨਾਲ ਲੱਗੀ ਬਿਮਾਰੀ
 • ਦੰਦ ਦਾ ਦਰਦ ਜਾਂ ਦੰਦਾਂ ਦੀ ਕੋਈ ਹੋਰ ਸਮੱਸਿਆ
 • ਹੱਦੋਂ ਵੱਧ ਥਕਾਵਟ
 • ਭੁੱਖ

ਤੁਹਾਡੇ ਬੱਚੇ ਦਾ ਡਾਕਟਰ ਬੱਚੇ ਦਾ ਡਾਕਟਰੀ ਪਿਛੋਕੜ ਅਤੇ ਸਰੀਰਕ ਮੁਲਾਂਕਣ ਮੁਕੰਮਲ ਕਰ ਕੇ ਸਿਰ ਦਰਦ ਹੋਣ ਦੇ ਕਾਰਨ ਦਾ ਪਤਾ ਲਾ ਸਕਦਾ ਹੈ। ਬਹੁਤ ਹੀ ਵਿਰਲੀਆਂ ਹਾਲਤਾਂ ਵਿੱਚ ਇਹ ਹੁੰਦਾ ਹੈ ਕਿ ਸਿਰ ਦਰਦ ਤੁਹਾਡੇ ਬੱਚੇ ਵਿੱਚ ਕਿਸੇ ਵਧੇਰੇ ਗੰਭੀਰ ਬਿਮਾਰੀ ਕਾਰਨ ਹੁੰਦਾ ਹੈ।

ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਵਿੱਚੋਂ ਕੋਈ ਸ਼ਿਕਾਇਤ ਹੋਵੇ ਤਾਂ ਤੁਹਾਨੂੰ ਤੁਰੰਤ ਹੀ ਡਾਕਟਰੀ ਸਹਾਇਤਾ ਹਾਸਲ ਕਰਨੀ ਚਾਹੀਦੀ ਹੈ:

 • ਸਿਰ ਵਿੱਚ ਅਚਾਨਕ, ਤੀਬਰ ਦਰਦ
 • ਸਿਰ ਦਰਦ ਜਿਸ ਦੇ ਨਾਲ ਨਾਲ ਅਜਿਹੇ ਲੱਛਣ ਵੀ ਹੋਣ ਜਿਵੇਂ ਕਿ ਚੱਕਰ ਆਉਣੇ, ਗਰਦਨ ਵਿੱਚ ਅਕੜਾਅ, ਉਲਟੀਆਂ ਜਾਂ ਦਿਲ ਕੱਚਾ ਹੋਣਾ, ਘਬਰਾਹਟ, ਅਸਪੱਸ਼ਟ ਅਤੇ ਬਦਲੀ ਹੋਈ ਅਵਾਜ਼, ਨਜ਼ਰ ਖ਼ਤਮ ਹੋ ਜਾਣੀ ਜਾਂ ਦੋ ਦੋ ਦਿੱਸਣੇ, ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਕਮਜ਼ੋਰੀ ਹੋਣੀ

ਜੇ ਤੁਹਾਡੇ ਬੱਚੇ ਦਾ ਸਿਰ ਦਰਦ ਉਸ ਨੂੰ ਨੀਂਦ ਵਿੱਚੋਂ ਜਗਾ ਦਿੰਦਾ ਹੈ ਜਾਂ ਉਸ ਦੀਆਂ ਮਨ-ਚਾਹੀਆਂ ਕਿਰਿਆਵਾਂ ਨੂੰ ਭੰਗ ਕਰਦਾ ਹੈ, ਤਾਂ ਡਾਕਟਰ ਨੂੰ ਤੁਹਾਡੇ ਬੱਚੇ ਦਾ ਮੁਆਇਨਾ ਕਰਨਾ ਚਾਹੀਦਾ ਹੈ।

ਸਿਰ ਦਰਦ ਦੀਆਂ ਕਿਸਮਾਂ

ਮਾਨਸਿਕ ਤਣਾਅ ਕਾਰਨ ਸਿਰ ਦਰਦ

ਜੇ ਤੁਹਾਡਾ ਬੱਚਾ ਦਾਇਮੀ ਜਾਂ ਵਾਰ ਵਾਰ ਹੋਣ ਵਾਲੇ ਸਿਰ ਦਰਦ ਦੀ ਸ਼ਿਕਾਇਤ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਮਾਨਸਿਕ ਤਣਾਅ ਕਾਰਨ ਸਿਰ ਦਰਦ ਹੁੰਦਾ ਹੋਵੇ। ਇਹ ਸਿਰ ਦਰਦ ਬੱਚਿਆਂ ਵਿੱਚ ਬਹੁਤ ਆਮ ਹੁੰਦਾ ਹੈ। ਮਾਨਸਿਕ ਤਣਾਅ ਕਾਰਨ ਸਿਰ ਦਰਦ ਵਿੱਚ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਜਿਵੇਂ ਤੁਹਾਡੇ ਸਿਰ ਦੁਆਲੇ ਕੱਸ ਕੇ ਪੱਟੀ ਬੱਝੀ ਹੋਵੇ। ਗਰਦਨ ਦੇ ਪੱਠੇ ਦੁੱਖਦੇ ਅਤੇ ਜਕੜੇ ਹੋਏ ਹੋ ਸਕਦੇ ਹਨ।

ਤਣਾਅ ਕਾਰਨ ਹੋਣ ਵਾਲੇ ਸਿਰ ਦਰਦ ਕੰਪਿਊਟਰਾਂ, ਵੀਡੀਓ ਗੇਮਾਂ, ਜਾਂ ਦੂਜੀਆਂ ਮਸ਼ੀਨਾਂ 'ਤੇ ਲੰਮੇ ਸਮੇਂ ਲਈ ਜਾਂ ਬਿਨਾਂ ਬਰੇਕ ਕੀਤਿਆਂ ਕੰਮ ਕਰਨ ਕਾਰਨ ਹੁੰਦਾ ਹੈ। ਤੁਹਾਡੇ ਬੱਚੇ ਨੂੰ ਮਾਨਸਿਕ ਤਣਾਅ ਕਾਰਨ ਸਿਰ ਦਰਦਾ ਹੋ ਸਕਦਾ ਹੈ ਕਿਉਂਕਿ ਉਹ ਮਾਪਿਆਂ, ਅਧਿਆਪਕਾਂ, ਜਾਂ ਦੋਸਤਾਂ ਨਾਲ ਝਗੜੇ ਬਾਰੇ ਬੇਚੈਨ ਮਹਿਸੂਸ ਕਰਦਾ ਹੈ। ਬੱਚੇ ਦੀਆਂ ਆਮ ਕਿਰਿਆਵਾਂ, ਜਾਂ ਨਿੱਤਾਪ੍ਰਤੀ ਦੇ ਕੰਮਾਂ ਵਿੱਚ ਤਬਦੀਲੀਆਂ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ।

ਮਾਈਗਰੇਨਜ਼

ਬੱਚਿਆਂ ਨੁੰ ਮਾਈਗਰੇਨ ਸਿਰ ਦਰਦ ਹੋ ਸਕਦੇ ਹਨ। ਇਹ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੁੰਦੇ ਹਨ, ਪ੍ਰੰਤੂ ਕਈ ਵਾਰੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹੋ ਸਕਦੇ ਹਨ। ਜਿਨ੍ਹਾਂ ਬੱਚਿਆਂ ਨੂੰ ਮਾਈਗਰੇਨ ਹੁੰਦੀ ਹੈ ਉਨ੍ਹਾਂ ਦੇ ਇੱਕ ਜਾਂ ਵੱਧ ਅਜਿਹੇ ਰਿਸ਼ਤੇਦਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਮਾਈਗਰੇਨ ਹੁੰਦੀ ਹੈ। ਹੋ ਸਕਦਾ ਹੈ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਮੁੜ ਮੁੜ ਹੋਣ ਵਾਲਾ ਪੇਟ ਦਰਦ ਅਤੇ ਬਿਨਾਂ ਵਜ੍ਹਾ ਤੋਂ ਉਲਟੀਆਂ ਆਉਂਦੀਆਂ ਰਹੀਆਂ ਹੋਣ।

ਮਾਈਗਰੇਨ ਸਿਰ ਦਰਦ ਆਮ ਤੌਰ ਤੇ ਮੁੜ ਮੁੜ ਹੁੰਦੇ ਰਹਿੰਦੇ ਹਨ। ਇਸ ਦਾ ਭਾਵ ਹੈ ਕਿ ਉਹ ਮੁੜ ਮੁੜ ਹੁੰਦੇ ਰਹਿੰਦੇ ਹਨ। ਸਿਰ ਦਰਦ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਬੱਚੇ ਵਿੱਚ ਹੋਰ ਤਰ੍ਹਾਂ ਦੇ ਲੱਛਣ ਵੀ ਹੋ ਸਕਦੇ ਹਨ। ਉਹ ਸਿਰ ਦੇ ਕੇਵਲ ਇੱਕ ਹਿੱਸੇ ਵਿੱਚ ਦਰਦ ਮਹਿਸੂਸ ਕਰ ਸਕਦਾ ਹੈ, ਜਿਵੇਂ ਕਿ ਅੱਖ ਦੇ ਪਿੱਛੇ। ਦਰਦ ਵਧੇਰੇ ਵਿਆਪਕ (ਸਾਰੇ ਸਿਰ ਵਿੱਚ) ਵੀ ਹੋ ਸਕਦਾ ਹੈ।

ਜਵਾਨ ਉਮਰ ਦੀਆਂ ਔਰਤਾਂ ਦੀ ਸੂਰਤ ਵਿੱਚ, ਮਾਈਗਰੇਨ ਸਿਰ ਦਰਦ ਦਾ ਸੰਬੰਧ ਮਾਹਵਾਰੀ ਦੇ ਚੱਕਰ ਨਾਲ ਵੀ ਹੋ ਸਕਦਾ ਹੈ।

ਮਾਈਗਰੇਨ ਸਿਰ ਦਰਦ ਤੇਜ਼ ਰੌਸ਼ਨੀ ਵੱਲ ਵੇਖਣ ਜਾਂ ਉੱਚੀਆਂ ਆਵਾਜ਼ਾਂ ਸੁਣਨ ਨਾਲ ਵੱਧ ਵਿਗੜ ਸਕਦੇ ਹਨ। ਹਨੇਰੇ ਵਾਲੀਆਂ ਅਤੇ ਚੁੱਪ ਚਾਪ ਥਾਵਾਂ ਵਿੱਚ ਇਹ ਅਕਸਰ ਠੀਕ ਹੋ ਜਾਂਦੇ ਹਨ। ਤੁਹਾਡੇ ਬੱਚੇ ਦੇ ਦਿਲ ਦਾ ਕੱਚਾ ਹੋਣਾ ਜਾਂ ਉਲਟੀਆਂ ਵੀ ਆ ਸਕਦੀਆਂ ਹਨ।

ਕਲੱਸਟਰ (ਸਮੂਹਕ) ਸਿਰ ਦਰਦ

ਕਲੱਸਟਰ (ਸਮੂਹਕ) ਸਿਰ ਦਰਦ ਸਭ ਤੋਂ ਦੁਖਦਾਈ ਕਿਸਮ ਦੇ ਸਿਰ ਦਰਦ ਹੁੰਦੇ ਹਨ। ਕਲੱਸਟਰ ਸਿਰ ਦਰਦ ਬਹੁਤ ਗੰਭੀਰ ਸਿਰ ਦਰਦ ਹੁੰਦੇ ਹਨ ਜੋ ਅਕਸਰ ਕਈ ਕਈ ਦਿਨਾਂ ਜਾਂ ਹਫ਼ਤਿਆਂ ਲਈ ਹੁੰਦੇ ਹਨ। ਕਲੱਸਟਰਾਂ ਦੌਰਾਨ ਕੁਝ ਮਿਆਦ ਲਈ ਸਿਰ ਦਰਦ ਨਹੀਂ ਵੀ ਹੁੰਦਾ। ਬਹੁਤੇ ਵਿਅਕਤੀਆ ਨੂੰ ਸਾਲ ਵਿੱਚ 2 ਕਲੱਸਟਰ ਹੁੰਦੇ ਹਨ, ਪਰ ਹਰੇਕ ਵਿਅਕਤੀ ਦਾ ਆਪਣਾ ਆਪਣਾ ਵਰਤਾਰਾ ਹੁੰਦਾ ਹੈ। ਉਦਾਹਰਨ ਵਜੋਂ, ਤੁਹਾਨੂੰ ਹਰ ਸਾਲ ਕਈ ਕਲੱਸਟਰ ਹੋ ਸਕਦੇ ਹਨ, ਜਾਂ ਕਲੱਸਟਰਾ ਦਰਮਿਆਨ ਕਈ ਕਈ ਸਾਲ ਲੰਘ ਵੀ ਸਕਦੇ ਹਨ।

ਕਲੱਸਟਰ ਸਿਰ ਦਰਦ ਬਹੁਤ ਹੀ ਘੱਟ ਹੁੰਦੇ ਹਨ। ਇਹ ਖ਼ਤਰਨਾਕ ਡਾਕਟਰੀ ਹਾਲਤਾਂ ਨਾਲ ਸੰਬੰਧ ਨਹੀਂ ਰੱਖਦੇ।

ਸਿਰ ਦਰਦ ਵਾਲੇ ਆਪਣੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ

ਤੁਹਾਡੇ ਬੱਚੇ ਨੂੰ ਭੁੱਖ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ। ਆਪਣੇ ਬੱਚੇ ਨੂੰ ਖਾਣ ਲਈ ਕੁਝ ਭੋਜਨ ਦਿਓ। ਕਿਸੇ ਚੁੱਪ-ਚਾਪ ਤੇ ਸ਼ਾਂਤ ਜਗ੍ਹਾ ਥੋੜ੍ਹੀ ਦੇਰ ਸੌਣ ਜਾਂ ਆਰਾਮ ਕਰਨ ਨਾਲ ਤੁਹਾਡੇ ਬੱਚੇ ਨੂੰ ਠੀਕ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਜੇ ਸਿਰ ਦਰਦ ਬਹੁਤ ਤੇਜ਼ ਹੋਵੇ ਤਾਂ ਤੁਸੀਂ ਆਪਣੇ ਬੱਚੇ ਨੂੰ ਦਰਦ ਦੀਆਂ ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੋਰਟਿਨ, ਐਡਵਿੱਲ ਜਾਂ ਦੂਜੇ ਬਰੈਂਡ) ਦੇ ਸਕਦੇ ਹੋ। ਜੇ ਤੁਹਾਡੇ ਬੱਚੇ ਨੂੰ ਮਾਈਗਰੇਨ ਜਾਂ ਘੜੀ ਘੜੀ ਵਾਪਰਨ ਵਾਲਾ ਸਿਰ ਦਰਦ ਤਸ਼ਖ਼ੀਸ ਹੋ ਚੁੱਕਿਆ ਹੈ ਤਾਂ ਜਦੋਂ ਹੀ ਤੁਹਾਡੇ ਬੱਚੇ ਨੂੰ ਮਹਿਸੂਸ ਹੋਵੇ ਕਿ ਸਿਰ ਦਰਦ ਸ਼ੁਰੂ ਹੋਣ ਲੱਗਾ ਹੈ ਉਸੇ ਸਮੇਂ ਦਰਦ ਦੀ ਦਵਾਈ ਦਿਓ। ਇਸ ਤਰ੍ਹਾਂ ਕਰਨ ਨਾਲ ਸਿਰ ਦਰਦ ਛੇਤੀ ਰੋਕਣ ਵਿੱਚ ਮਦਦ ਮਿਲੇਗੀ।

ਡਾਕਟਰ ਕੋਲ ਜਾਣ ਤੋਂ ਪਹਿਲਾਂ

ਜੇ ਤੁਹਾਡਾ ਬੱਚਾ ਵਾਰ ਵਾਰ ਜਾਂ ਮੁੜ ਮੁੜ ਸਿਰ ਦਰਦ ਹੋਣ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਲਿਜਾਓ।

ਡਾਕਟਰ ਨੂੰ ਮਿਲਣ ਤੋਂ ਪਹਿਲਾਂ, ਸਿਰ ਦਰਦ ਦੇ ਹੇਠ ਦਰਜ ਵੇਰਵਿਆਂ ਨੂੰ ਲਿਖ ਲਓ:

 • ਦਰਦ ਦੀ ਕਿਸਮ
 • ਦਰਦ ਵਾਲੀ ਜਗ੍ਹਾ (ਇਹ ਕਿੱਥੇ ਹੁੰਦਾ ਹੈ)
 • ਦਰਦ ਕਿੰਨਾ ਸਮਾਂ (ਮਿੰਟ ਜਾਂ ਘੰਟੇ) ਰਹਿੰਦਾ ਹੈ
 • ਉਹ ਸਮਾਂ ਜਦੋਂ ਤੁਹਾਡਾ ਬੱਚਾ ਦਰਦ ਮਹਿਸੂਸ ਕਰਦਾ ਹੈ (ਸਵੇਰੇ, ਬਾਦ ਦੁਪਹਿਰ, ਜਾਂ ਸ਼ਾਮ ਨੂੰ)
 • ਜਦੋਂ ਉਹ ਦਰਦ ਮਹਿਸੂਸ ਕਰਦਾ ਹੈ ਉਸ ਸਮੇਂ ਬਾਹਰਲੇ ਕਾਰਨ (ਕੀ ਬਾਹਰ ਤੇਜ਼ ਰੋਸ਼ਨੀ ਹੈ? ਕੀ ਸਕੂਲ ਵਿੱਚ ਕਿਸੇ ਖ਼ਾਸ ਕਲਾਸ ਦੌਰਾਨ ਹੁੰਦਾ ਹੈ)
 • ਕੋਈ ਇਲਾਜ ਜਿਸ ਨਾਲ ਦਰਦ ਘਟਾਉਣ ਵਿੱਚ ਮਦਦ ਮਿਲਦੀ ਹੈ

ਜੇ ਤੁਹਾਡੇ ਬੱਚੇ ਦੇ ਮੁੜ ਮੁੜ ਸਿਰ ਦਰਦ ਹੁੰਦਾ ਹੈ, “ਸਿਰ ਦਰਦ ਡਾਇਰੀ” ਵਿੱਚ ਸਿਰ ਦਰਦ ਦੇ ਸਮੇਂ ਦਰਜ ਕਰੋ। ਇਸ ਨਾਲ ਡਾਕਟਰ ਨੂੰ ਸਿਰ ਦਰਦ ਦੇ ਵਰਤਾਰਿਆਂ ਦਾ ਪਤਾ ਕਰਨ ਵਿੱਚ ਮਦਦ ਮਿਲਦੀ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ?

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:

 • ਸਿਰ ਦਰਦ ਸਿਰ ਦੇ ਇੱਕ ਹਿੱਸੇ ਵਿੱਚ 2 ਦਿਨਾਂ ਤੋਂ ਵੱਧ ਸਮੇਂ ਲਈ ਰਹਿੰਦਾ ਹੈ
 • ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਜਾਂ ਸਿਰ ਦਰਦ ਦੀਆਂ ਦੂਜੀਆਂ ਦਵਾਈਆਂ ਲੈਣ ਦੇ ਬਾਵਜੂਦ ਵੀ ਸਿਰ ਦਰਦ ਠੀਕ ਨਾ ਹੋ ਰਹੇ ਹੋਣ, ਜਾਂ ਵੱਧ ਵਿਗੜਦੇ ਜਾਂਦੇ ਹੋਣ
 • ਸਿਰ ਦਰਦ ਤੁਹਾਡੇ ਬੱਚੇ ਦੀਆਂ ਆਮ ਆਦਤਾਂ ਜਾਂ ਨਿਤਾਪ੍ਰਤੀ ਕਰਨ ਵਾਲੀਆਂ ਕਿਰਿਆਵਾਂ ਜਿਵੇਂ ਕਿ ਖੇਡ, ਸਕੂਲ, ਖਾਣ, ਪੀਣ, ਜਾਂ ਸੌਣ ਉੱਤੇ ਅਸਰ ਪਾਉਂਦੇ ਹੋਣ
 • ਮੁੜ ਮੁੜ ਕੇ ਹੋਣ ਵਾਲੇ ਸਿਰ ਦਰਦ ਜ਼ਿਆਦਾ ਛੇਤੀ ਹੋਣ ਲੱਗ ਪਏ ਹਨ ਜਾਂ ਆਮ ਨਾਲੋਂ ਵਧੇਰੇ ਤੇਜ਼ ਹੁੰਦੇ ਹਨ
 • ਮੁੜ ਮੁੜ ਹੋਣ ਵਾਲੇ ਸਿਰ ਦਰਦ ਸਿਫ਼ਾਰਸ਼ ਕੀਤੇ ਇਲਾਜ ਜਾਂ ਦਵਾਈਆਂ ਨਾਲ ਸੁਧਰ ਨਾ ਰਹੇ ਹੋਣ
 • ਸਿਰ ਦਰਦ ਤੁਹਾਡੇ ਬੱਚੇ ਨੂੰ ਰਾਤ ਨੂੰ ਜਗਾਉਂਦੇ ਹੋਣ ਅਤੇ ਉਨ੍ਹਾਂ ਨਾਲ ਉਲਟੀਆਂ ਆਉਂਦੀਆਂ ਹੋਣ

ਨਜ਼ਦੀਕੀ ਐਮਰਜੰਸੀ ਵਿਭਾਗ ਪਹੁੰਚੋ ਜਾਂ 911 ਨੂੰ ਫ਼ੋਨ ਕਰੋ, ਜੇ ਤੁਹਾਡੇ ਬੱਚੇ ਦੇ ਹੇਠ ਦਰਜ ਲੱਛਣਾਂ ਨਾਲ ਸਿਰ ਦਰਦ ਹੁੰਦਾ ਹੈ:

 • ਸਿਰ ਵਿੱਚ ਅਚਾਨਕ ਤੇਜ਼ ਦਰਦ
 • ਸਿਰ ਦੀ ਸੱਟ ਲੱਗਣ ਕਰ ਕੇ ਸਿਰ ਦਰਦ ਵਿਗੜਦਾ ਜਾਂਦਾ ਹੈ ਜਾਂ ਲਗਾਤਾਰ ਮੁੜ ਮੁੜ ਹੁੰਦਾ ਹੈ
 • ਸਿਰ ਚਕਰਾਉਂਦਾ ਹੋਵੇ, ਬੇਹੋਸ਼ੀ, ਬੇਸੁਰਤੀ ਹੁੰਦੀ ਹੋਵੇ
 • ਤੇਜ਼ ਬੁਖ਼ਾਰ
 • ਗਰਦਨ ਵਿੱਚ ਅਕੜਾਅ
 • ਦਿਲ ਕੱਚਾ ਹੋਣ ਜਾ ਉਲਟੀਆਂ ਆਉਣੀਆਂ
 • ਅਵਾਜ਼ ਅਸਪੱਸ਼ਟ ਜਾ ਬਦਲੀ ਹੋਵੇ
 • ਸਰੀਰ ਦੇ ਕਿਸੇ ਅੰਗ ਵਿੱਚ ਕਮਜ਼ੋਰੀ
 • ਸੌਣ ਵਿੱਚ ਮੁਸ਼ਕਿਲ

ਮੁੱਖ ਨੁਕਤੇ

 • ਬੱਚਿਆਂ ਵਿੱਚ ਸਿਰ ਦਰਦ ਬਹੁਤ ਬੇਅਰਾਮੀ ਪੈਦਾ ਕਰਦੇ ਹਨ ਅਤੇ ਤੁਹਾਡੇ ਲਈ ਚਿੰਤਾ ਦਾ ਕਾਰਨ ਬਣਦੇ ਹਨ। ਇਨ੍ਹਾਂ ਨਾਲ ਬਹੁਤ ਹੀ ਖ਼ਤਰਨਾਕ ਜਾਂ ਗੰਭੀਰ ਡਾਕਟਰੀ ਹਾਲਤ ਪੈਦਾ ਹੁੰਦੀ ਹੈ।
 • ਆਪਣੇ ਬੱਚੇ ਨੂੰ ਅਰਾਮਦਾਇਕ ਹਾਲਤਾਂ ਵਿੱਚ ਰੱਖ ਕੇ ਸਧਾਰਨ ਸਿਰ ਦਰਦਾਂ ਦਾ ਇਲਾਜ ਕਰੋ। ਬਿਨਾਂ ਨੁਸਖ਼ੇ ਵਾਲੀਆਂ (ਓਵਰ-ਦੀ-ਕਾਊਂਟਰ) ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦਿਓ।
 • ਡਾਕਟਰ ਮੁੜ ਮੁੜ ਵਾਪਰਨ ਵਾਲੇ ਜਾਂ ਲਗਾਤਾਰ ਰਹਿਣ ਵਾਲੇ ਸਿਰ ਦਰਦ ਦੇ ਕਾਰਨ ਪਤਾ ਕਰਨ ਲਈ ਡਾਕਟਰੀ ਮੁਆਇਨਾ ਕਰਦਾ ਹੈ।
 • ਜੇ ਤੁਹਾਡੇ ਬੱਚੇ ਨੂੰ ਅਚਾਨਕ ਅਤੇ ਗੰਭੀਰ ਸਿਰ ਦਰਦ ਸ਼ੁਰੂ ਹੁੰਦਾ ਹੈ ਤਾਂ ਕਲੀਨਿਕ ਵਿੱਚ ਜਾਂ ਐਮਰਜੰਸੀ ਵਿਭਾਗ ਵਿੱਚ ਉਸ ਦਾ ਤੁਰੰਤ ਮੁਆਇਨਾ ਕਰਵਾਉਣਾ ਚਾਹੀਦਾ ਹੈ।
Last updated: November 01 2010