ਗਲ਼ੇ ਦਾ ਦਰਦ ਤੋਂ ਕੀ ਭਾਵ ਹੈ?
ਜਦੋਂ ਤੁਹਾਡਾ ਬੱਚਾ ਗਲ਼ੇ ਵਿੱਚ ਹੁੰਦੇ ਦਰਦ ਬਾਰੇ ਸ਼ਿਕਾਇਤਾਂ ਕਰਦਾ ਹੈ ਉਸ ਨੂੰ ਗਲ਼ੇ ਦਾ ਦਰਦ ਕਿਹਾ ਜਾਂਦਾ ਹੈ। ਹੋ ਸਕਦਾ ਹੈ ਤੁਹਾਡਾ ਬੱਚਾ ਆਪਣਾ ਗਲ਼ਾ ਖ਼ੁਸ਼ਕ, ਖਾਜ ਲਾਉਣ ਵਾਲਾ, ਖੁਰਦਰਾ ਜਾਂ ਦੁਖਦਾਈ ਮਹਿਸੂਸ ਕਰਦਾ ਹੋਵੇ।
ਗਲ਼ੇ ਦਾ ਦਰਦ ਦੇ ਕਈ ਕਾਰਨ ਹੋ ਸਕਦੇ ਹਨ:
- ਜ਼ੁਕਾਮ ਜਾਂ ਫ਼ਲੂ ਜਿਹੀਆਂ ਬਿਮਾਰੀਆਂ ਵੀ ਗਲ਼ੇ ਨੂੰ ਦਰਦ ਲਾ ਸਕਦੀਆਂ ਹਨ।
- ਕਈ ਵਾਰੀ ਗਲ਼ੇ ਦਾ ਦਰਦ ਉਨ੍ਹਾਂ ਬੱਚਿਆਂ ਨੂੰ ਹੋ ਜਾਂਦਾ ਹੈ ਜਿਹੜੇ ਮੂੰਹ ਖੋਲ੍ਹ ਕੇ ਸੌਂਦੇ ਹਨ ਅਤੇ ਜਦੋਂ ਉੱਠਦੇ ਹਨ ਉਨ੍ਹਾਂ ਦਾ ਮੂੰਹ ਖ਼ੁਸ਼ਕ ਹੁੰਦਾ ਹੈ ਅਤੇ ਗਲ਼ੇ ਵਿੱਚ ਦਰਦ ਹੁੰਦਾ ਹੈ।
- ਪੋਸਟ ਨੇਟਲ ਡ੍ਰਿੱਪ (ਜਨਮ ਪਿੱਛੋਂ ਪੈਦਾ ਹੋਣ ਵਾਲੀ ਸਥਿਤੀ ਜਿਸ ਅਨੁਸਾਰ ਬਲਗ਼ਮ ਪੇਟ ਅਤੇ ਫੇਫੜਿਆਂ ਦੇ ਰਸਤੇ ਦੇ ਮੂੰਹ ਵਿੱਚ ਤੁਪਕਾ ਤੁਪਕਾ ਰਿਸਦੀ ਰਹਿੰਦੀ ਹੈ) ਦੀ ਸ਼ਿਕਾਇਤ ਵਾਲੇ ਬੱਚਿਆਂ ਨੂੰ ਰਾਤ ਨੂੰ ਗਲ਼ਾ ਸਾਫ਼ ਕਰਨ ਜਾਂ ਖੰਘਣ ਨਾਲ ਵੀ ਗਲ਼ੇ ਦਾ ਦਰਦ ਹੋ ਸਕਦਾ ਹੈ।
- ਕਈ ਵਾਇਰਸ ਮੂੰਹ ਜਾਂ ਗਲ਼ੇ ਅੰਦਰ ਜ਼ਖ਼ਮ ਪੈਦਾ ਕਰ ਦਿੰਦੇ ਹਨ।
- ਲਾਗ ਨਾਲ ਹੋਣ ਵਾਲੇ ਗਲ਼ੇ ਦੇ ਦਰਦ ਦੇ 10 ਵਿੱਚੋਂ 1 ਸੂਰਤ ਵਿੱਚ ਸਟ੍ਰੈਪਟੋਕਾਕਸ ਨਾਮੀ ਜਰਾਸੀਮ ਦੇ ਪਰਿਵਾਰ ਦੀ ਇੱਕ ਕਿਸਮ ਕਾਰਨ ਬਣਦਾ ਹੈ। ਇਸ ਨੂੰ ਸਟ੍ਰੈੱਪ ਥਰੋਟ (ਠੋਡੀ ਤੋਂ ਥੱਲੇ, ਗਰਦਨ ਦੇ ਸਾਮ੍ਹਣੇ ਹਿੱਸੇ ਵਿੱਚ ਪੇਟ ਅਤੇ ਫੇਫੜਿਆਂ ਨੂੰ ਜਾਣ ਵਾਲੇ ਰਸਤੇ ਦੀ ਲਾਗ) ਦੀ ਲਾਗ ਕਿਹਾ ਜਾਂਦਾ ਹੈ। ਇਸ ਪਰਿਵਾਰ ਵਿੱਚ ਗਰੁੱਪ A ਬੈਟਾ-ਹੀਮੋਲਾਟਿਕ ਸਟ੍ਰੈਪਟੋਕਾਕਸ (ਗੈਬਜ਼) ਪੇਚੀਦਗੀਆਂ ਦੇ ਨਾਲ ਨਾਲ ਵੱਧ ਗੰਭੀਰ ਲਾਗਾਂ ਨੂੰ ਲਾ ਸਕਦੀ ਹੈ। ਗਰੁੱਪ C ਅਤੇ G ਸਟ੍ਰੈੱਪ ਥਰੋਟ ਦਾ ਕਾਰਨ ਵੀ ਬਣ ਸਕਦੇ ਹਨ ਪਰ ਇਨ੍ਹਾਂ ਨਾਲ (GABS) ਗੈਬਜ਼ ਵਾਲੀਆਂ ਸੰਭਵ ਪੇਚੀਦਗੀਆਂ ਨਹੀਂ ਹੁੰਦੀਆਂ।
- ਗਲ਼ੇ ਅੰਦਰ ਟੌਨਸਿਲਜ਼ ਨੂੰ ਲਾਗ ਲੱਗ ਸਕਦੀ ਹੈ। ਇਸ ਹਾਲਤ ਨੂੰ ਟੌਨਸਿਲਾਈਟਿਸ ਆਖਿਆ ਜਾਂਦਾ ਹੈ। ਜਦੋਂ ਇਨ੍ਹਾਂ ਨੂੰ ਲਾਗ ਲੱਗ ਜਾਂਦੀ ਹੈ ਤਾਂ ਟੌਨਸਿਲਜ਼ ਸੁੱਜ ਜਾਂਦੇ ਹਨ, ਆਕਾਰ ਵਿੱਚ ਵੱਡੇ ਬਣ ਜਾਂਦੇ ਹਨ, ਅਤੇ ਆਮ ਨਾਲੋਂ ਵੱਧ ਚਮਕੀਲੇ ਲਾਲ ਹੋ ਜਾਂਦੇ ਹਨ।
ਗਲ਼ੇ ਦੇ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣ
- ਤੁਹਾਡਾ ਬੱਚਾ ਗਲ਼ੇ ਜਾਂ ਗਰਦਨ ਵਿੱਚ ਦਰਦ ਦੀ ਸ਼ਿਕਾਇਤ ਕਰ ਸਕਦਾ ਹੈ।
- ਤੁਹਾਡਾ ਬੱਚਾ ਸ਼ਿਕਾਇਤ ਕਰ ਸਕਦਾ ਹੈ ਕਿ ਖਾਣ ਵਾਲੀ ਵਸਤ ਗਲ਼ ਅੰਦਰ ਲੰਘਾਉਣ ਲੱਗਿਆਂ, ਪੀਣ ਲੱਗਿਆਂ ਜਾਂ ਖਾਣ ਲੱਗਿਆਂ ਉਸ ਨੂੰ ਦਰਦ ਹੁੰਦਾ ਹੈ।
- ਛੋਟੇ ਬੱਚੇ ਖਾਣ, ਪੀਣ ਤੋਂ, ਸਾਧਾਰਨ ਨਾਲੋਂ ਵੱਧ ਮਾਤਰਾ ਦੀ ਗਰਾਹੀ ਖਾਣ ਤੋਂ ਇਨਕਾਰ ਕਰ ਸਕਦੇ ਹਨ ਜਾਂ ਜਦੋਂ ਖ਼ੁਰਾਕ ਖਾਂਦੇ ਹੋਣ ਜਾਂ ਨਿਗਲਦੇ ਹੋਣ ਤਾਂ ਰੋਂਦੇ ਹਨ।
ਸੰਭਵ ਹੈ ਤੁਹਾਡੇ ਬੱਚੇ ਵਿੱਚ ਹੋਰ ਲੱਛਣ ਵੀ ਹੋਣ
- ਕਈ ਬੱਚਿਆਂ ਨੂੰ ਬੁਖ਼ਾਰ ਵੀ ਹੋ ਜਾਂਦਾ ਹੈ,ਉਨ੍ਹਾਂ ਦਾ ਨੱਕ ਵਗਦਾ ਹੈ ਅਤੇ (ਆਵਾਜ਼ ਵਿੱਚ) ਘੱਗਾਪਣ ਹੁੰਦਾ ਹੈ।
- ਕਈ ਬੱਚਿਆਂ ਦਾ ਦਿਲ ਕੱਚਾ ਹੁੰਦਾ ਅਤੇ ਪੇਟ ਵਿੱਚ ਦਰਦ ਹੁੰਦਾ ਹੈ। ਉਨ੍ਹਾਂ ਦਾ ਗਲ਼ ਸਾਧਾਰਨ ਨਾਲੋਂ ਵੱਧ ਲਾਲ ਹੁੰਦਾ ਹੈ ਅਤੇ ਪੀਕ ਹੀ ਹੋ ਸਕਦੀ ਹੈ। ਇਹ ਲੱਛਣ ਸਟ੍ਰੈੱਪ ਥਰੋਟ (ਠੋਡੀ ਤੋਂ ਥੱਲੇ, ਗਰਦਨ ਦੇ ਸਾਮ੍ਹਣੇ ਹਿੱਸੇ ਵਿੱਚ ਪੇਟ ਅਤੇ ਫੇਫੜਿਆਂ ਨੂੰ ਜਾਣ ਵਾਲੇ ਰਸਤੇ ਦੀ ਲਾਗ) ਦਾ ਵੱਧ ਆਮ ਕਾਰਨ ਹੁੰਦਾ ਹੈ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਨੂੰ ਉਸ ਦੇ ਡਾਕਟਰ ਕੋਲ ਲਿਜਾਓ ਜੇ:
- ਜੇ ਤੁਹਾਡੇ ਬੱਚੇ ਦੇ ਗਲ਼ੇ ਵਿੱਚ 24 ਘੰਟਿਆਂ (1 ਦਿਨ) ਤੋਂ ਵੱਧ ਸਮੇਂ ਤੋਂ ਦਰਦ ਹੋ ਰਿਹਾ ਹੈ, ਖ਼ਾਸ ਕਰ ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਵੀ ਹੋਵੇ।
- ਤੁਹਾਡੇ ਬੱਚੇ ਦਾ ਸੰਪਰਕ ਅਜਿਹੇ ਵਿਅਕਤੀ ਨਾਲ ਹੋਇਆ ਹੈ ਜਿਸ ਨੂੰ ਸਟ੍ਰੈੱਪ ਥਰੋਟ ਦੀ ਸ਼ਿਕਾਇਤ ਹੋਵੇ।
- ਤੁਹਾਡੇ ਬੱਚੇ ਨੂੰ ਪਹਿਲਾਂ ਕਦੇ ਸਟ੍ਰੈਪ ਥਰੋਟ ਦੀ ਸ਼ਿਕਾਇਤ ਹੋਈ ਹੋਵੇ।
- ਜੇ ਤੁਹਾਡੇ ਡਾਕਟਰ ਨੂੰ ਲੱਗਦਾ ਹੋਵੇ ਕਿ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਸਟ੍ਰੈੱਪ ਥਰੋਟ ਹੈ ਤਾਂ ਡਾਕਟਰ ਇੱਕ ਫ਼ੰਬੇ ਰਾਹੀਂ ਉਸ ਦੇ ਗਲ਼ੇ ਵਿਚਲੇ ਮਾਦੇ ਦਾ ਨਮੂਨਾ ਲਵੇਗਾ। ਇਸ ਦਾ ਭਾਵ ਹੈ ਕਿ ਡਾਕਟਰ ਰੂੰਅ ਦਾ ਇੱਕ ਲੰਮਾ ਫ਼ੰਬਾ ਵਰਤ ਕੇ ਤੁਹਾਡੇ ਬੱਚੇ ਦੇ ਗਲ਼ੇ ਦੇ ਪਾਸਿਆਂ ਤੋਂ (ਨਮੂਨੇ ਵਜੋਂ) ਕੁਝ ਤਰਲ ਲਵੇਗਾ ਅਤੇ ਟੈਸਟ ਲਈ ਜਾਂ ਕਲਚਰ ( ਸੈੱਲਾਂ ਦੀ ਕਲਚਰ ਦਾ ਪਤਾ ਕਰਨ ਲਈ) ਲਈ ਪ੍ਰਯੋਗਸ਼ਾਲਾ ਨੂੰ ਭੇਜੇਗਾ। ਇਹ ਹੀ ਇੱਕ ਢੰਗ ਹੁੰਦਾ ਹੈ ਜਿਸ ਰਾਹੀਂ ਯਕੀਨੀ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਸਟ੍ਰੱਪ ਥਰੋਟ ਲੱਗੀ ਹੈ। ਫਿਰ ਵੀ, ਬਹੁਤਾ ਕਰ ਕੇ ਸਟ੍ਰੈੱਪ ਥਰੋਟਾਂ ਲਈ ਵਿੱਚ ਫ਼ੰਬਾ ਲਾਉਣ ਦੀ ਲੋੜ ਨਹੀਂ ਪੈਂਦੀ।
- ਜੇ ਗਲ਼ੇ ਦਾ ਨਮੂਨਾ ਦਰਸਾਉਂਦਾ ਹੋਵੇ ਕਿ ਤੁਹਾਡੇ ਬੱਚੇ ਦੇ ਗਲ਼ੇ ਦੀ ਲਾਗ ਗਰੁੱਪ A ਸਟ੍ਰੈੱਪ ਤੋਂ ਲੱਗੀ ਹੈ ਤਾਂ ਡਾਕਟਰ ਰੋਗਾਣੂਨਾਸ਼ਕ (ਐਂਟੀਬਾਇਟਿਕ) ਲੈਣ ਲਈ ਨੁਸਖ਼ਾ ਦੇਵੇਗਾ। ਪਰ ਜੇ ਗਲ਼ੇ ਦਾ ਦਰਦ ਵਾਇਰਸ ਕਾਰਨ ਜਾਂ ਕਿਸੇ ਹੋਰ ਕਾਰਨ ਹੋਇਆ ਹੈ ਤਾਂ ਰੋਗਾਣੂਨਾਸ਼ਕਾ (ਐਂਟੀਬਾਇਟਿਕ) ਬੇਅਸਰ ਹੋਣਗੇ।
ਵਧੇਰੇ ਜਾਣਕਾਰੀ ਲਈ, ਕ੍ਰਿਪਾ ਕਰ ਕੇ ਸਟ੍ਰੈੱਪ ਥਰੋਟ (ਠੋਡੀ ਤੋਂ ਥੱਲੇ, ਗਰਦਨ ਦੇ ਸਾਮ੍ਹਣੇ ਹਿੱਸੇ ਵਿੱਚ ਪੇਟ ਅਤੇ ਫੇਫੜਿਆਂ ਨੂੰ ਜਾਣ ਵਾਲੇ ਰਸਤੇ ਦੀ ਲਾਗ) ਸਟ੍ਰੈੱਪ ਥਰੋਟ ਪੜ੍ਹੋ।
ਆਪਣੇ ਬੱਚੇ ਸੰਭਾਲ ਘਰ ਵਿੱਚ ਹੀ ਕਰਨੀ
ਗਲ਼ੇ ਦੇ ਦਰਦਾਂ ਦਾ ਇਲਾਜ ਘਰ ਵਿੱਚ ਹੋ ਸਕਦਾ ਹੈ। ਆਪਣੇ ਬੱਚੇ ਨੂੰ ਅਰਾਮ ਦੇਣ ਲਈ, ਹੇਠ ਦਰਜ ਉਪਾਅ ਵਰਤਣ ਦੀ ਕੋਸ਼ਿਸ਼ ਕਰੋ:
- ਜੇ ਤੁਹਾਡੇ ਬੱਚੇ ਨੂੰ (ਖਾਣ ਵਾਲੀ ਵਸਤ) ਗਲ਼ੇ ਅੰਦਰ ਨਿਗਲਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਸਹਿਜੇ ਹੀ ਨਿਗਲਣ ਵਾਲੀ ਨਰਮ ਖ਼ੁਰਾਕ ਦਿਓ।
- ਕਾਫ਼ੀ ਮਾਤਰਾ ਵਿੱਚ ਤਰਲ ਪਿਆਓ।
- ਜੇ ਤੁਹਾਡਾ ਬੱਚਾ 1 ਸਾਲ ਤੋਂ ਵੱਡੀ ਉਮਰ ਦਾ ਹੈ, ਤਾਂ ਗਲ਼ੇ ਨੂੰ ਨਰਮ ਕਰਨ ਲਈ ਜਰਮ ਰਹਿਤ ਕੀਤਾ ਸ਼ਹਿਦ ਦੇਣ ਦੀ ਕੋਸ਼ਿਸ਼ ਕਰੋ ਅਤੇ ਗਲ਼ੇ ਨੂੰ ਰਾਹਤ ਦਿਓ।
- ਵੱਡੇ ਬੱਚੇ ਲੂਣ ਵਾਲੇ ਕੋਸੇ ਪਾਣੀ ਦੇ ਗਰਾਰੇ ਵੀ ਕਰ ਸਕਦੇ ਹਨ।
ਗਲ਼ੇ ਦੇ ਦਰਦ ਖੁੱਲ੍ਹੇ ਮੂੰਹ ਸੌਣ ਕਾਰਨ ਵੀ ਹੁੰਦੇ ਹਨ
- ਜੇ ਤੁਹਾਡੇ ਬੱਚੇ ਨੂੰ ਗ਼ਲੇ ਦਾ ਦਰਦ ਹੈ ਤਾਂ ਉਸ ਨੂੰ ਕੁਝ ਪੀਣ ਨੂੰ ਦਿਓ।
- ਹਵਾ ਵਿੱਚ ਨਮੀ ਭਰਨ ਲਈ ਰਾਤ ਨੂੰ ਹਿਮਿਊਡੀਫ਼ਾਇਰ ਵਰਤੋ। ਇਹ ਗਲ਼ੇ ਦੇ ਦਰਦ ਨੂੰ ਰੋਕ ਪਾ ਸਕਦਾ ਹੈ।
ਜੇ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ ਜਾਂ ਇਸ ਦਾ ਸੰਬੰਧ ਘਰਾੜੇ ਮਾਰਨ, ਸਾਹ ਲੈਣ ਵਿੱਚ ਤਕਲੀਫ਼, ਜਾਂ ਦਿਨ ਵੇਲੇ ਬਹੁਤ ਉਨੀਂਦਰਾ ਰਹਿਣ ਕਰ ਕੇ ਹੋਵੇ ਤਾਂ ਅਗਲੀ ਵਾਰੀ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣ ਲਈਂ ਉਸ ਨਾਲ ਗੱਲਬਾਤ ਕਰੋ।
ਪੋਸਟ ਨੇਟਲ ਡ੍ਰਿੱਪ ਕਾਰਨ ਹੁੰਦੇ ਗਲ਼ੇ ਦਾ ਦਰਦ
- ਪੋਸਟ ਨੇਟਲ ਡ੍ਰਿੱਪ ਖਾਰੇ ਘੋਲ਼ ਨਾਲ ਨਾਸਾਂ ਨੂੰ ਧੋਣ ਨਾਲ ਵੀ ਗਲ਼ੇ ਨੂੰ ਸਾਫ਼ ਕਰਨ ਜਾਂ ਖੰਘ ਹਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਵਾਇਰਸ ਕਾਰਨ ਹੁੰਦੇ ਗਲ਼ੇ ਦੇ ਦਰਦ
ਰੋਗਾਣੂਨਾਸ਼ਕ ਵਾਇਰਸਾਂ ਦਾ ਇਲਾਜ ਨਹੀਂ ਕਰਦੇ। ਤੁਹਾਡੇ ਬੱਚੇ ਨੂੰ ਅਜਿਹੇ ਉਪਾਵਾਂ ਦੀ ਲੋੜ ਹੁੰਦੀ ਹੈ ਜਿਸ ਨਾਲ ਉਸ ਨੂੰ ਅਰਾਮ ਮਿਲੇ।
- ਦਰਦ ਅਤੇ ਬੁਖ਼ਾਰ ਦਾ ਇਲਾਜ ਕਰਨ ਲਈ, ਆਪਣੇ ਬੱਚੇ ਨੂੰ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਦੂਜੇ ਬਰਾਂਡ) ਜਾਂ ਆਈਬਿਊਪਰੋਫ਼ੈਨ (ਐਡਵਿੱਲ, ਮੌਟਰਿਨ ਜਾਂ ਦੂਜੇ ਬਰੈਂਡ) ਦਿਓ। ਲੇਬਲ ਉੱਪਰ ਦਰਜ ਹਦਾਇਤਾਂ ਦੀ ਪਾਲਣਾ ਕਰੋ।
- ਜੇ ਤੁਹਾਡੇ ਬੱਚੇ ਦੇ ਗਲ਼ੇ ਦਾ ਦਰਦ ਬਹੁਤ ਜ਼ਿਆਦਾ ਹੋਵੇ ਕਿ ਉਹ ਗੋਲ਼ੀ ਵੀ ਨਹੀਂ ਲੰਘਾਅ ਸਕਦਾ, ਤਾਂ (ਗੋਲ਼ੀਆਂ ਆਦਿ) ਦੀ ਬਜਾਏ ਫ਼ਾਰਮੂਲੇ ਅਨੁਸਾਰ ਤਿਆਰਸ਼ੁਦਾ ਤਰਲ ਜਾਂ ਗੁਦੇ ਵਿੱਚ ਰੱਖ ਕੇ ਪਿਘਲਾਉਣ ਵਾਲੀ ਦਵਾਈ ਦਿਓ।
ਵਾਇਰਸ ਕਾਰਨ ਹੁੰਦੇ ਦਰਦ 7 ਦਿਨਾਂ ਅੰਦਰ ਖ਼ਤਮ ਹੋ ਜਾਂਦੇ ਹਨ।
ਸਟ੍ਰੈੱਪ ਥਰੋਟ ਕਾਰਨ ਹੁੰਦੇ ਗਲ਼ੇ ਦੇ ਦਰਦ
ਬਹੁਤੀਆਂ ਹਾਲਤਾਂ ਵਿੱਚ ਸਟ੍ਰੈੱਪ ਥਰੋਟ, ਬਿਨਾਂ ਰੋਗਾਣੂਨਾਸ਼ਕ ਲੈਣ ਦੇ, 3 ਤੋਂ 7 ਦਿਨ ਅੰਦਰ ਠੀਕ ਹੋ ਜਾਂਦੇ ਹਨ।
ਰੋਗਾਣੂਨਾਸ਼ਕ ਰਾਹੀਂ ਇਲਾਜ ਕਰਨ ਨਾਲ ਦੂਜੇ ਲੋਕਾਂ ਨੂੰ ਲਾਗ ਲੱਗਣ ਦਾ ਖ਼ਤਰਾ ਘਟ ਜਾਂਦਾ ਹੈ ਅਤੇ ਗਰੁਪ A ਸਟ੍ਰੈੱਪ ਨਾਲ ਸੰਬੰਧਤ ਪੇਚੀਦਗੀਆਂ ਘਟ ਜਾਂਦੀਆਂ ਹਨ।
- ਜੇ ਤੁਹਾਡੇ ਬੱਚੇ ਨੂੰ ਗਰੁੱਪ ਸਟ੍ਰੈੱਪ ਥਰੋਟ ( ਜਿਸ ਦੀ ਪੁਸ਼ਟੀ ਗਲ਼ੇ ਵਿੱਚ ਰੂੰ ਦੇ ਫ਼ੰਬੇ ਦੁਆਰਾ ਨਮੂਨਾ ਲੈ ਕੇ ਜਾਂ ਰੈਪਡਿ ਟੈਸਟ ਰਾਹੀਂ ਕੀਤੀ ਜਾ ਸਕਦੀ ਹੈ) ਹੈ, ਤਾਂ ਤੁਹਾਡਾ ਡਾਕਟਰ ਰੋਗਾਣੂਨਾਸ਼ਕ (ਐਂਟੀਬਾਇਟਿਕ) ਲੈਣ ਲਈ ਨੁਸਖ਼ਾ ਦੇਵੇਗਾ। ਯਕੀਨੀ ਬਣਾਓ ਕਿ ਦਵਾਈ ਪੂਰੀ ਦੇਣੀ ਹੈ, ਭਾਵੇਂ ਤੁਹਾਡਾ ਬੱਚਾ ਬਿਹਤਰ ਮਹਿਸੂਸ ਕਰਦਾ ਹੋਵੇ ।
ਰੋਗਾਣੂਨਾਸ਼ਕ ਸ਼ੁਰੂ ਕਰਨ ਦੇ 3 ਦਿਨ ਅੰਦਰ ਤੁਹਾਡਾ ਬੱਚਾ ਠੀਕ ਮਹਿਸੂਸ ਕਰਨ ਲੱਗ ਪੈਂਦਾ ਹੈ।
ਕੁਝ ਚੀਜ਼ਾਂ ਗਲ਼ੇ ਦੇ ਦਰਦ ਨੂੰ ਠੀਕ ਨਹੀਂ ਕਰਨਗੀਆਂ
ਗਲ਼ੇ ਵਿੱਚ ਸਪ੍ਰੇ (ਫ਼ਹਾਰ ਮਾਰ ਕੇ) ਕਰਨ ਵਾਲੀਆਂ ਬਿਨਾਂ ਨੁਸਖ਼ੇ ਤੋਂ ਦਵਾਈਆਂ ਨਾ ਵਾਰਤੋ। ਕੋਈ ਸਬੂਤ ਮੌਜੂਦ ਨਹੀਂ ਕਿ ਇਹ ਗਲ਼ੇ ਦੇ ਦਰਦ ਨੂੰ ਠੀਕ ਕਰਦੀਆਂ ਹਨ। ਗਲ਼ੇ ਵਿੱਚ ਕਰਨ ਲਈ ਕੁਝ ਸਪ੍ਰੇਆਂ ਅੰਦਰ ਅਜਿਹੇ ਤੱਤ (ਬੈਨਜ਼ੋਕੇਨ) ਹੁੰਦੇ ਹਨ ਜਿਨ੍ਹਾਂ ਨਾਲ ਐਲਰਜੀ ਵਾਲੇ ਪ੍ਰਤੀਕਰਮ ਜਾਂ ਦੂਜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਛੋਟੇ ਬੱਚਿਆਂ ਲਈ ਗਲ਼ੇ ਲਈ ਲਾਜ਼ੈਨਜਿਜ਼ ਜਾਂ ਸਖ਼ਤ ਕੈਂਡੀਆਂ ਨਾ ਵਰਤੋ। ਇਹ ਉਨ੍ਹਾਂ ਦੇ ਗਲ਼ੇ ਵਿੱਚ ਫ਼ਸ ਕੇ ਉਨ੍ਹਾਂ ਦਾ ਸਾਹ ਰੋਕ ਸਕਦੀਆਂ ਹਨ।
ਆਪਣੇ ਪਰਿਵਾਰ ਜਾਂ ਦੋਸਤਾਂ ਦੀਆਂ ਬਚੀਆਂ ਹੋਈਆਂ ਦਵਾਈਆਂ ਕਦੇ ਨਾ ਵਰਤੋ। ਹੋ ਸਕਦਾ ਹੈ ਕਿ ਇਹ ਵਾਜਬ ਦਵਾਈ ਨਾ ਹੋਵੇ ਜਾਂ ਵਾਜਬ ਖ਼ੁਰਾਕ ਨਾ ਹੋਵੇ। ਤੁਸੀਂ ਆਪਣੇ ਬੱਚੇ ਨੂੰ, ਨਾ ਚਾਹੁੰਦਿਆਂ ਹੋਇਆਂ ਵੀ, ਹਾਨੀ ਪਹੁੰਚਾਅ ਸਕਦੇ ਹੋ।
ਰੋਗਾਣੂਨਾਸ਼ਕਾਂ ਗਰੁੱਪ A ਸਟ੍ਰੈੱਪ ਥਰੋਟ ਦਾ ਇਲਾਜ ਕਰਨ ਵਿੱਚ ਮਦਦ ਕਰਦੇ ਹਨ, ਪਰ ਉਨ੍ਹਾਂ ਦਾ ਵਾਇਰਸਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇ ਤੁਹਾਡਾ ਬੱਚਾ ਉਦੋਂ ਰੋਗਾਣੂਨਾਸ਼ਕ ਲੈਂਦਾ ਹੈ ਜਦੋਂ ਉਨ੍ਹਾਂ ਦੀ ਲੋੜ ਨਹੀਂ ਤਾਂ ਇਸ ਨਾਲ ਬਾਅਦ ਵਿੱਚ ਕੀਤੇ ਜਾਣ ਵਾਲੇ ਇਲਾਜ ਘੱਟ ਅਸਰਦਾਇਕ ਬਣ ਜਾਂਦੇ ਹਨ ਜਾਂ ਇਹ ਦੂਜੀਆਂ ਲਾਗਾਂ ਉੱਤੇ ਨਿਕਾਬ ਪਾ ਕੇ ਲਕੋ ਦਿੰਦੇ ਹਨ।
ਜਰਮਾਂ ਦੇ ਫ਼ੈਲਣ ਉੱਤੇ ਰੋਕ ਪਾਓ
ਆਪਣੇ ਅਤੇ ਆਪਣੇ ਬੱਚੇ ਦੇ ਹੱਥ ਅਕਸਰ ਧੋਂਦੇ ਰਹੋ। ਇਸ ਨਾਲ ਜਰਮਾਂ ਦੇ ਫ਼ੈਲਣ 'ਤੇ ਰੋਕਣ ਪਾਉਣ ਵਿੱਚ ਮਦਦ ਮਿਲਦੀ ਹੈ।
ਗ਼ਲੇ ਦੇ ਦਰਦ ਦੀਆਂ ਪੇਚੀਦਗੀਆਂ
ਪੇਚੀਦਗੀਆਂ ਇੱਕ ਤਰ੍ਹਾਂ ਦੇ ਅਣਚਾਹੇ ਅਸਰ ਜਾਂ ਸਮੱਸਿਆਵਾਂ ਹੁੰਦੀਆਂ ਹਨ ਜੋ ਤੁਹਾਡੇ ਬੱਚੇ ਵਿੱਚ ਹੋ ਸਕਦੀਆਂ ਹਨ।
ਵਾਇਰਸਾਂ, ਗਲ਼ ਸਾਫ਼ ਕਰਨ, ਖ਼ੁਸ਼ਕੀ ਜਾਂ ਉਤੇਜਕਾਂ ਕਾਰਨ ਹੋਣ ਵਾਲੇ ਗਲ਼ੇ ਦੇ ਦਰਦਾਂ ਨਾਲ ਸ਼ਾਇਦ ਹੀ ਕਦੇ ਪੇਚੀਦਗੀਆਂ ਪੈਦਾ ਹੁੰਦੀਆਂ ਹਨ।
ਗਰੁੱਪ A ਸਟ੍ਰੈੱਪ ਕਾਰਨ ਲੱਗੀਆਂ ਗਲ਼ੇ ਦੀਆਂ ਲਾਗਾਂ, ਜੇ ਉਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ, ਤਾਂ ਉਨ੍ਹਾਂ ਨਾਲ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੋ ਨਰਵੱਸ ਸਿਸਟਮ, ਦਿਲ (ਜੋੜਾਂ ਦੇ ਦਰਦ ਦਾ ਬੁਖ਼ਾਰ), ਜਾਂ ਗੁਰਦਿਆਂ (ਪੋਸਟ-ਸਟ੍ਰੈਪਟਕਾਕੁਲ ਗਲਾਮੁਰਮਰਲੋਫ਼ਰਾਈਟਾਈਸ) ਉੱਤੇ ਅਸਰ ਪਾਉਂਦੀਆਂ ਹਨ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:
- ਜੇ ਤੁਹਾਡੇ ਬੱਚੇ ਦੇ ਗਲ਼ੇ ਵਿੱਚ 24 ਘੰਟੇ ਤੋਂ ਵੱਧ ਸਮੇਂ ਤੋਂ ਦਰਦ ਹੈ, ਖ਼ਾਸ ਕਰ ਜੇ ਤੁਹਾਡੇ ਬੱਚੇ ਨੂੰ ਨਾਲ ਨਾਲ ਬੁਖਾਰ ਵੀ ਹੋਵੇ।
- ਤੁਹਾਡੇ ਬੱਚੇ ਦਾ ਸੰਪਰਕ ਕਿਸੇ ਸਟ੍ਰੈੱਪ ਥਰੋਟ ਦੀ ਸ਼ਿਕਾਇਤ ਵਾਲੇ ਵਿਅਕਤੀ ਨਾਲ ਹੋਇਆ ਹੋਵੇ, ਜਾਂ ਬੱਚੇ ਨੂੰ ਆਪ ਵੀ ਪਹਿਲਾਂ ਸਟ੍ਰੈੱਪ ਥਰੋਟ ਦੀ ਸ਼ਿਕਾਇਤ ਰਹੀ ਹੋਵੇ।
ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਲੈ ਕੇ ਜਾਓ ਜਾਂ 911 'ਤੇ ਫ਼ੋਨ ਕਰੋ, ਜੇ:
- ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ।
- ਤੁਹਾਡੇ ਬੱਚੇ ਦੀਆਂ ਰਾਲ਼ਾਂ ਵਗਦੀਆਂ ਹੋਣ ਜਾਂ ਉਸ ਨੂੰ ਗਲ਼ ਅੰਦਰ ਲੰਘਾਉਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੋਵੇ।
- ਤੁਹਾਡਾ ਬੱਚਾ ਇਸ ਤਰ੍ਹਾਂ ਲੱਗਦਾ ਹੋਵੇ ਜਿਵੇਂ ਉਹ ਬਹੁਤ ਬਿਮਾਰ ਹੋਵੇ।
ਮੁੱਖ ਨੁਕਤੇ
- ਗਲ਼ੇ ਦੇ ਦਰਦ ਦੇ ਕਈ ਵੱਖ ਵੱਖ ਕਾਰਨ ਹੁੰਦੇ ਹਨ।
- ਗਲ਼ੇ ਦੇ ਬਹੁਤੇ ਦਰਦਾਂ ਲਈ ਰੋਗਾਣੂਨਾਸ਼ਕਾਂ ਦੀ ਲੋੜ ਨਹੀਂ ਹੁੰਦੀ।
- ਜੇ ਤੁਹਾਡੇ ਬੱਚੇ ਦੇ ਗਲ਼ੇ ਵਿੱਚ 24 ਘੰਟੇ ਤੋਂ ਵੱਧ ਸਮੇਂ ਤੋਂ ਦਰਦ ਹੈ ਜਾਂ ਤੁਹਾਡੇ ਬੱਚੇ ਨੂੰ ਸਟ੍ਰੈੱਪ ਥਰੋਟ ਹੋਣ ਦੀ ਸੰਭਾਵਨਾ ਹੋਵੇ ਤਾਂ ਆਪਣੇ ਬੱਚੇ ਨੂੰ ਡਾਕਟਰ ਕੋਲ ਲਿਜਾਓ।
- ਆਪਣੇ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ, ਨਰਮ ਖ਼ੁਰਾਕ, ਅਤੇ ਜੇ ਲੋੜ ਹੋਵੇ, ਤਾਂ ਦਰਦ ਵਾਲੀਆਂ ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦੇ ਕੇ ਤੁਸੀਂ ਉਸ ਨੂੰ ਵੱਧ ਅਰਾਮ ਵਿੱਚ ਲਿਆਉਣ ਵਿੱਚ ਮਦਦ ਕਰ ਸਕਦੇ ਹੋ।